Saturday 3 March 2012

ਕਾਦਰ ਦੀ ਕੁਦਰਤ ਦਾ ਕਮਾਲ ਜਿਸਨੂੰ ਦਿੱਤਾ ਦਿਮਾਗ ਉਹ ਆਪਣੇ ਦਿਮਾਗੀ ਕਾਢ ਨਾਲ ਹਾਲੇ ਵੀ ਗੁਲਾਮ, ਪਰ ਜਿਸਨੂੰ ਦਿਮਾਗ ਨਹੀਂ ਦਿੱਤਾ ਉਹ ਸਦੀਆਂ ਬਾਅਦ ਅੱਜ ਵੀ ਆਜ਼ਾਦ

ਵਾਤਾਵਰਣ ਦਿਵਸ ਜਾਂ ਵਾਤਾਵਰਣ ਖਿਲਵਾੜ ਦਿਵਸ

ਅਵਤਾਰ ਸਿੰਘ ਤੁੰਗਵਾਲੀ,
੯੮੫੫੭-੫੮੦੬੪.
ਗੱਲ ਹੱਸਣ ਵਾਲੀ ਨਹੀਂ ਹੈ, ਸਾਡੇ ਲਈ ਸੋਚਣ ਵਾਲੀ ਹੈ ਤੇ ਮਨੁੱਖਾਂ ਲਈ ਤਾਂ ਘੋਰ ਸਵੈ ਪੜਚੋਲ ਵਾਲੀ ਹੈ ਕਿ ਅਕਸਰ ਇਹ ਕਿਵੇਂ ਹੋ ਸਕਦਾ ਹੈ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਤੇਜ਼ ਤਰਾਰ ਦਿਮਾਗ ਦਿੱਤਾ ਹੈ ਜਿਸ ਦਿਮਾਗ ਨੇ ਅੱਜ ਮਨੁੱਖ ਨੂੰ ਅਸਮਾਨਾਂ ਵਿੱਚ ਉਡਾਰੀਆਂ ਭਰਨ ਲਾ ਦਿੱਤਾ, ਜਿਸ ਮਨੁੱਖੀ ਦਿਮਾਗ ਨੇ ਸਾਲਾਂ ਦਾ ਰਸਤਾ ਘੰਟਿਆਂ ਮਿੰਟਾਂ ਵਿੱਚ ਤਬਦੀਲ ਕਰ ਦਿੱਤਾ, ਜਿਸ ਮਨੁੱਖੀ ਦਿਮਾਗ ਨੇ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇੱਕ ਸਕਿੰਟ ਵਿੱਚ ਸੁਨੇਹਾ ਭੇਜਣ ਲਾ ਦਿੱਤਾ, ਜਿਸ ਮਨੁੱਖੀ ਦਿਮਾਗ ਨੇ ਪੂਰੀ ਦੁਨੀਆਂ ਨੂੰ ਇੱਕ ਪਿੰਡ ਬਣਾ ਕੇ ਰੱਖ ਦਿੱਤਾ, ਆਖਰ ਇਹ ਦਿਮਾਗਦਾਰ ਮਨੁੱਖ ਗੁਲਾਮ ਕਿਵੇਂ ਹੋ ਸਕਦਾ ਹੈ ਤੇ ਜਿਨ੍ਹਾਂ ਪਸ਼ੂ ਪੰਛੀਆਂ ਤੇ ਹੋਰ ਬੇਜ਼ੁਬਾਨਾਂ ਬਨਸਪਤੀ ਆਦਿ ਨੂੰ ਦਿਮਾਗ ਨਹੀਂ ਦਿੱਤਾ ਉਹ ਆਜ਼ਾਦ ਕਿਸ ਤਰ੍ਹਾਂ ਹੋ ਸਕਦੇ ਹਨ ਜਦਕਿ ਇਹ ਤਾਂ ਸਾਰੇ ਹੀ ਮਨੁੱਖ ਦੇ ਗੁਲਾਮ ਹਨ।
         ਜੀ ਹਾਂ, ਇਹ ਗੱਲ ਬਿੱਲਕੁੱਲ ਸੱਚ ਹੈ ਕਿ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਇੱਥੋਂ ਤੱਕ ਕਿ ਇਸ ਮਨੁੱਖ ਨੇ ਕਈ ਤਰ੍ਹਾਂ ਦੇ ਜੀਵਨ ਦਾਨ ਦੇਣ ਵਾਲੇ ਯੰਤਰਾਂ ਦੇ ਨਾਲ ਨਾਲ ਜੀਵਨ ਖੋਹਣ ਵਾਲੇ ਕਈ ਤਰ੍ਹਾਂ ਦੇ ਜ਼ਹਿਰ ਅਤੇ ਖਤਰਨਾਕ ਹਥਿਆਰ ਵੀ ਬਣਾਏ ਹਨ ਪਰ ਇਹ ਅੱਜ ਵੀ ਮਨੋ ਵਿਗਿਆਨਕ ਤੌਰ 'ਤੇ ਗੁਲਾਮ ਹੀ ਹੈ। ਇਹ ਗੁਲਾਮ ਹੈ ਸਰਕਾਰਾਂ ਦਾ, ਇਹ ਗੁਲਾਮ ਹੈ ਕਾਨੂੰਨਾਂ ਦਾ, ਇਹ ਗੁਲਾਮ ਹੈ ਸੰਘੀ ਸੰਧੀਆਂ ਦਾ, ਇਹ ਗੁਲਾਮ ਹੈ ਹੱਦਾਂ ਸਰਹੱਦਾਂ ਦਾ, ਇਹ ਗੁਲਾਮ ਹੈ ਭਾਈਚਾਰਕ ਰਿਸ਼ਤਿਆਂ ਦਾ। ਗੱਲ ਕੀ ਇਹ ਮਨੁੱਖ ਭਾਵੇਂ ਆਪਣੀ ਮਰਜ਼ੀ ਵੀ ਕਰਦਾ ਹੈ ਪਰ ਇਸਦੀ ਮਰਜ਼ੀ ਹਰ ਥਾਂ 'ਤੇ ਨਹੀਂ ਚੱਲ ਸਕਦੀ। ਇਹ ਚਤੁਰਾਈਆਂ ਬਹੁਤ ਕਰਦਾ ਹੈ ਪਰ ਇਹ ਆਪਣੀ ਮਰਜ਼ੀ ਨਾਲ ਕਿਧਰੇ ਵੀ ਨਹੀਂ ਜਾ ਸਕਦਾ। ਇਹ ਆਪਣੀ ਮਰਜ਼ੀ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਦਾਖਲ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਇਹ ਬਗੈਰ ਟਿਕਟ ਬੱਸ ਵਿੱਚ ਵੀ ਸਫਰ ਨਹੀਂ ਕਰ ਸਕਦਾ ਹੋਰ ਤਾਂ ਇਹ ਕੀ ਕਰ ਸਕਦਾ ਹੈ।
          ਦੂਜੇ ਪਾਸੇ ਪਸ਼ੂ ਪੰਛੀਆਂ ਨੂੰ ਪ੍ਰਮਾਤਮਾ ਨੇ ਇਤਨਾ ਕੁ ਦਿਮਾਗ ਦਿੱਤਾ ਹੈ ਕਿ ਉਹ ਬੱਚੇ ਪੈਦਾ ਕਰ ਸਕਣ ਤੇ ਉਨ੍ਹਾਂ ਦਾ ਪਾਲਣ ਪੋਸਣ ਉਦੋਂ ਤੱਕ ਹੀ ਕਰਨ ਜਦ ਤੱਕ ਉਹ ਆਪ ਉੱਡ ਜਾਂ ਤੁਰ ਫਿਰ ਨਹੀਂ ਸਕਦੇ, ਜਦ ਇਹ ਬੱਚੇ ਉੱਡ ਜਾਂਦੇ ਹਨ ਤਾਂ ਫਿਰ ਉਹ ਹੋਰ ਬੱਚੇ ਪੈਦਾ ਕਰਦੇ ਹਨ। ਮਨੁੱਖਾਂ ਵਾਂਗ ਨਹੀਂ ਕਿ ਦੋ ਚਾਰ ਸਾਲ ਵਿੱਚ ਜੋ ਬੱਚੇ ਪੈਦਾ ਕਰਨੇ ਹਨ ਕਰੋ, ਬਾਅਦ ਵਿੱਚ ਸਾਰੀ ਜਿੰਦਗੀ ਉਨ੍ਹਾਂ ਦੇ ਅੱਗੇ ਪਿੱਛੇ ਗੱਡੇ ਵਿੱਚ ਜੁੜੇ ਬਲਦ ਵਾਂਗ ਤੁਰੇ ਰਹੋ। ਇਹ ਪਸ਼ੂ ਪੰਛੀ ਬਿਨ੍ਹਾਂ ਦਿਮਾਗ ਵਰਤੇ ਉਹ ਸਭ ਕੁੱਝ ਕਰਦੇ ਹਨ ਜਿਸਦੀ ਮਨੁੱਖਾਂ ਨੂੰ ਸਮਾਜਿਕ ਤੌਰ 'ਤੇ, ਕਾਨੂੰਨੀ ਤੌਰ 'ਤੇ, ਰਾਜਨੀਤਿਕ ਤੌਰ 'ਤੇ ਅਤੇ ਭਾਈਚਾਰਕ ਤੌਰ 'ਤੇ ਮਨਾਹੀ ਹੈ। ਭਾਵੇਂ ਮਨੂੱਖ ਵੀ ਅੱਜ ਆਪਣੇ ਆਪ ਨੂੰ ਕਾਫੀ ਅਡਵਾਂਸ ਸਮਝਣ ਲੱਗ ਪਏ ਹਨ ਪਰ ਹਾਲੇ ਵੀ ਕਈ ਬੰਦਸ਼ਾਂ ਵਿੱਚ ਜਕੜੇ ਹੋਏ ਹਨ ਤੇ ਕਿਤੇ ਨਾ ਕਿਤੇ ਉਨ੍ਹਾਂ ਦੇ ਦਿਲੋ ਦਿਮਾਗ ਵਿੱਚ ਕਿਸੇ ਨਾ ਕਿਸੇ ਦਾ ਡਰ ਭਰਿਆ ਹੋਇਆ ਹੈ ਪਰ ਦੂਜੇ ਪਾਸੇ ਪਸ਼ੂ ਪੰਛੀ ਬਿਨ੍ਹਾਂ ਡਰ ਭਉ ਦੇ ਜੋ ਕਰਨਾ ਹੈ ਕਰਦੇ ਰਹਿੰਦੇ ਹਨ।
          ਗੱਲ ੧੯੮੮ ਦੀ ਹੈ ਜਦ ਅਸੀਂ ਕਿਸੇ ਕੰਮ ਪਹਿਲੀ ਵਾਰ ਫਿਰੋਜ਼ਪੁਰ ਗਏ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਦਿਨ ਜਲਦੀ ਛਿਪ ਜਾਂਦਾ ਸੀ। ਇਹ ਵੀ ਮਨੁੱਖੀ ਦਿਮਾਗ ਦੀ ਹੀ ਗਲਤੀ ਸੀ ਕਿ ਸੂਰਜ ਭਾਵੇਂ ਦਗਦਾ ਰਹਿੰਦਾ ਸੀ ਪਰ ਪੰਜਾਬ ਦੀਆਂ ਗਲੀਆਂ ੬ ਵਜੇ ਹੀ ਸੁੰਨੀਆਂ ਹੋ ਜਾਂਦੀਆਂ ਸਨ ਅਤੇ ਮਨੁੱਖ ਵੀ ਆਪਣੇ ਆਪਣੇ ਕਾਰੋਬਾਰਾਂ ਤੋਂ ਵਿਹਲੇ ਹੋ ਕੇ ੬ ਵਜੇ ਤੋਂ ਪਹਿਲਾਂ ਪਹਿਲਾਂ ਘਰ ਪਹੁੰਚ ਜਾਂਦੇ ਸਨ। ਉਸ ਸਮੇਂ ਜੇ ਕੋਈ ਆਜ਼ਾਦ ਸੀ ਤਾਂ ਇਹ ਪਸ਼ੂ ਪੰਛੀ ਹੀ ਸਨ। ਬਿਨ੍ਹਾਂ ਡਰ ਭਉ ਦੇ ਇਹ ਕੁਦਰਤੀ ਤੌਰ 'ਤੇ ਦਿਨ ਛਿਪਦੇ ਤੱਕ ਆਪਣਾ ਕੰਮ ਕਰਦੇ ਰਹਿੰਦੇ ਸਨ। ਅਸੀਂ ਕੋਈ ੭-੮ ਜਣੇ ਸਾਂ ਤੇ ਸਾਨੂੰ ੫ ਕੁ ਵਜੇ ਪਤਾ ਲੱਗਿਆ ਕਿ ਇੱਥੇ ਬਾਡਰ 'ਤੇ ਝੰਡਾ ਉਤਰਨ ਦੀ ਰਸਮ ਦੇਖਣ ਵਾਲੀ ਹੁੰਦੀ ਹੈ। ਅਸੀਂ ਉਸੇ ਸਮੇਂ ਗੱਡੀ ਕੱਢੀ ਤੇ ਸਵਾਰ ਹੋ ਕੇ ਬਾਡਰ ਵੱਲ ਨੂੰ ਚਾਲੇ ਪਾ ਦਿੱਤੇ। ਸਾਡੇ ਪਹੁੰਚਣ ਤੋਂ ਪਹਿਲਾਂ ਹੀ ਝੰਡੇ ਦੀ ਰਸਮ ਖਤਮ ਹੋ ਚੁੱਕੀ ਸੀ ਤੇ ਦੋਨੋਂ ਪਾਸੇ ਕਾਗਜ਼ੀ ਕਾਰਵਾਈ ਚੱਲ ਰਹੀ ਸੀ ਲੋਕ ਵਾਪਸ ਘਰਾਂ ਨੂੰ ਪਰਤ ਰਹੇ ਸਨ ਪਰ ਅਸੀਂ ਹਾਲੇ ਉੱਧਰ ਨੂੰ ਜਾ ਹੀ ਰਹੇ ਸਾਂ। ਫਿਰ ਵੀ ਅਸੀਂ 'ਆਪਣਿਆਂ' ਫੌਜੀਆਂ ਨੂੰ ਆਪਣੀ ਪਛਾਣ ਦੱਸੀ ਤੇ ਅੱਗੇ ਜਾਣ ਲਈ ਪੁੱਛ ਲਿਆ ਤੇ ਉਨ੍ਹਾਂ 'ਸੈਂਟਰ ਲਾਈਨ' ਤੱਕ ਜਾਣ ਦੀ ਆਗਿਆ ਦੇ ਦਿੱਤੀ। ਉੱਧਰੋਂ ਪਾਕਿਸਤਾਨ ਵਾਲੇ ਪਾਸਿਓਂ ਤੇ ਇਧਰਲੇ ਗਾਰਡ ਹਾਲੇ ਸੈਂਟਰ ਲਾਈਨ 'ਤੇ ਖੜ੍ਹੇ ਸਨ। ਅਸੀਂ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਉਤਸੁਕਤਾ ਵੱਸ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਵੀ ਇੱਧਰ ਉੱਧਰ ਨਹੀਂ ਜਾ ਸਕਦੇ? ਤਾਂ ਉਨ੍ਹਾਂ ਕਿਹਾ ਕਿ ਬਿੱਲਕੁੱਲ ਨਹੀਂ। ਇਤਨੇ ਨੂੰ ਇੱਕ ਚਿੜੀਆਂ ਦਾ ਝੁਰਮਟ ਪੂਰੀ ਸਪੀਡ ਨਾਲ ਅਸਮਾਨ ਵਿੱਚ ਇੱਧਰ ਉੱਧਰ ਉਡਦਾ ਆਪਸ ਵਿੱਚ ਕਲੋਲਾਂ ਕਰਦਾ ਕਰਦਾ ਬਿੱਲਕੁੱਲ ਨੀਵਾਂ ਹੋ ਕੇ ਸਾਡੇ ਸਿਰਾਂ ਦੇ ਕੋਲ ਦੀ ਚੀਂਹ ਚੀਂਹ ਕਰਦਾ ਉੱਡ ਗਿਆ। ਸਭ ਦੀ ਨਜ਼ਰ ਇੱਕਦਮ ਉੱਪਰ ਗਈ ਤੇ ਪਾਕਿਸਤਾਨੀ ਗਾਰਡ ਨੇ ਉਸੇ ਸਮੇਂ ਕਹਿ ਦਿੱਤਾ, 'ਇਨ੍ਹਾਂ ਪਰਿੰਦਿਆਂ ਨੂੰ ਕੋਈ ਬੰਦਿਸ਼ ਨਹੀਂ, ਇਨ੍ਹਾਂ ਦਾ ਕੋਈ ਬਾਡਰ ਨਹੀਂ, ਇਹ ਕਿਸੇ ਵੀ ਸਮੇਂ ਤੇ ਕਿਤਨੀ ਵੀ ਗਿਣਤੀ ਵਿੱਚ ਇੱਧਰ ਉੱਧਰ ਜਾ ਸਕਦੇ ਹਨ'। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਕਾਦਰ ਦੀ ਕੁਦਰਤ ਅੱਗੇ ਸਿਰ ਝੁਕ ਗਿਆ ਕਿ ਇਹ ਪ੍ਰਮਾਤਮਾ ਤੂੰ ਮਨੁੱਖ ਨੂੰ ਦਿਮਾਗ ਕੀ ਦੇ ਦਿੱਤਾ ਇਸਨੇ ਤਾਂ ਤੇਰੀਆਂ ਦਿੱਤੀਆਂ ਵਿਸ਼ਾਲ ਬਖਸਿਸ਼ਾਂ ਤੇ ਰਹਿਮਤਾਂ ਨੂੰ ਵੀ ਆਪਣੀਆਂ ਸੀਮਿਤ ਹੱਦਾਂ ਤੱਕ ਸਮੇਟ ਕੇ ਰੱਖ ਲਿਆ। ਘਰ ਆ ਕੇ ਮੇਰੇ ਦਿਮਾਗ ਵਿੱਚ ਇਹ ਸਵਾਲ ਵਾਰ ਵਾਰ ਉਠਦਾ ਰਿਹਾ ਕਿ ਆਖਰ ਮਨੁੱਖ ਇਸ ਤਰ੍ਹਾਂ ਕਿਉਂ ਕਰਦਾ ਹੈ? ਇਸਨੇ ਆਪਣੇ ਦਿਮਾਗ ਦੀ ਸੁਚੱਜੀ ਵਰਤੋਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨਾ ਸੀ ਬਲਕਿ ਇਹ ਤਾਂ ਇੱਕ ਦੂਜੇ ਨੂੰ ਵੇਖ ਨਹੀਂ ਜਰਦਾ, ਇਸਨੇ ਤਾਂ ਲੋਕਾਂ ਦੇ ਰਸਤੇ ਹੀ ਬੰਦ ਕਰ ਦਿੱਤੇ, ਇਹ ਤਾਂ ਜਦ ਇਸ ਕੋਲ ਕੁੱਝ ਕਰਨ ਜਾਂ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹ ਖੁਦ ਹੀ ਰਾਜਾ ਬਣਕੇ ਸਭ ਨੂੰ ਆਪਣੇ ਮੁਤਾਬਕ ਚੱਲਣ ਲਈ ਮਜ਼ਬੂਰ ਕਰਦਾ ਹੈ ਤੇ ਅਸਫਲ ਰਹਿਣ 'ਤੇ ਉਨ੍ਹਾਂ ਉੱਪਰ ਜ਼ੁਲਮ ਕਰਦਾ ਹੈ। ਜਰਾ ਸੋਚ ਕੇ ਦੇਖੋ, ਬਾਡਰ ਦੇ ਨਜ਼ਦੀਕ ਰਹਿਣ ਵਾਲੇ ਪੰਛੀ ਜੋ ਬਾਡਰ ਦੇ ਉੱਪਰੋਂ ਦੀ ਹਜਾਰਾਂ ਵਾਰ ਇੱਧਰ ਉੱਧਰ ਲੰਘ ਜਾਂਦੇ ਹਨ, ਉਹ ਨਾਸ਼ਤਾ ਭਾਰਤ ਵਿੱਚ ਕਰਦੇ ਹਨ, ਲੰਚ ਤੇ ਡਿਨਰ ਪਾਕਿਸਤਾਨ ਵਿੱਚ। ਉਹ ਅੰਡੇ ਭਾਰਤ ਵਿੱਚ ਸਥਿਤ ਆਲ੍ਹਣੇ ਵਿੱਚ ਦਿੰਦੇ ਹਨ ਤੇ ਚੋਗਾ ਪਾਕਿਸਤਾਨ ਦਾ ਚੁਗਦੇ ਹਨ। ਉਹ ਦਿਨ ਪਾਕਿਸਤਾਨ ਵਿੱਚ ਗੁਜ਼ਾਰਦੇ ਹਨ ਤੇ ਰਾਤ ਵਾਸਤੇ ਭਾਰਤ ਵਿੱਚ ਆ ਜਾਂਦੇ ਹਨ। ਕਿੰਨੀ ਸੁਖੀ ਤੇ ਵਿਸ਼ਾਲ ਸੋਚ ਹੋਵੇਗੀ ਇਸ ਪ੍ਰਮਾਤਮਾ ਦੀ ਜਿਸਨੇ ਇਨ੍ਹਾਂ ਪੰਛੀਆਂ ਨੂੰ ਇਸ ਕਰਕੇ ਦਿਮਾਗ ਨਹੀਂ ਦਿੱਤਾ ਕਿ ਇਨ੍ਹਾਂ ਵਿੱਚ ਵੀ ਕਿਧਰੇ ਦੁਸ਼ਮਣੀ ਜਾਂ ਆਪਣਾ ਭਾਵ ਨਾ ਆ ਜਾਵੇ ਤੇ ਇਹ ਕੁਦਰਤ ਦਾ ਅਹਿਮ ਹਿੱਸਾ ਵੀ ਸੌੜੀ ਮਨੁੱਖੀ ਸੋਚ ਵਾਂਗ ਉਲਝ ਕੇ ਨਾ ਰਹਿ ਜਾਵੇ।
        ਹੇ ਮਨੁੱਖ, ਜੇਕਰ ਤੂੰ ਚਾਹੁੰਦਾ ਹੈ ਕਿ ਤੂੰ ਸਦਾ ਸੁਖੀ ਰਹੇ ਤੇ ਉਸ ਪ੍ਰਮਾਤਮਾ ਦੀ ਕ੍ਰਿਪਾ ਹਮੇਸ਼ਾ ਤੇਰੇ ਉੱਪਰ ਰਹੇ, ਤਾਂ ਤੂੰ ਵੀ ਸੌੜੀ ਸੋਚ ਤਿਆਗ। ਆਪਣੇ ਲਈ ਹੀ ਨਾ ਸੋਚ ਬਲਕਿ ਆਮ ਲੋਕਾਈ ਬਾਰੇ ਸੋਚ, ਪਸ਼ੂ ਪੰਛੀਆਂ ਬਾਰੇ ਵੀ ਸੋਚ ਇਹ ਸਾਡੇ ਜੀਵਨ ਦਾ ਅਹਿਮ ਅੰਗ ਹਨ। ਬਨਸਪਤੀ ਬਾਰੇ ਸੋਚ, ਬਨਸਪਤੀ ਬਗੈਰ ਜੀਵਨ ਸੰਭਵ ਹੀ ਨਹੀਂ ਹੈ। ਕਈ ਸਾਲਾਂ ਦੀ ਗੱਲ ਹੈ ਭੁੱਚੋ ਮੰਡੀ ਤੋਂ ਸਾਡੇ ਪਿੰਡ ਤੁੰਗਵਾਲੀ ਨੂੰ ਉਸ ਸਮੇਂ ਭੂੰਡ ਯਾਨੀ ਤਿੰਨ ਪਹੀਆਂ ਵਾਲਾ ਟੈਂਪੂ ਜਾਂਦਾ ਹੁੰਦਾ ਸੀ ਤੇ ਸ਼ਾਮ ਦੇ ਵਕਤ ਮੈਂ ਟੈਂਪੂ ਦੇ ਪਿਛਲੇ ਹਿੱਸੇ ਉੱਪਰ ਖੜ੍ਹਾ ਸੀ। ਟੈਂਪੂ ਨੱਕੋ ਨੱਕ ਭਰਿਆ ਹੋਇਆ ਸੀ ਕਿਉਂਕਿ ਟੈਂਪੂ ਨੂੰ ਮਾਲਕ ਅੱਡੇ ਵਿੱਚੋਂ ਭਰਕੇ ਹੀ ਤੋਰਦੇ ਹਨ ਤੇ ਰਸਤੇ ਵਿੱਚੋਂ ਹੋਰ ਸਵਾਰੀਆਂ ਵੀ ਮਿਲ ਜਾਂਦੀਆਂ ਸਨ। ਜਦ ਟੈਂਪੂ ਵਿੱਚ ਪੈਰ ਧਰਨ ਨੂੰ ਵੀ ਥਾਂ ਨਾ ਬਚੀ ਤਾਂ ਇੱਕ ਵਿਅਕਤੀ ਕਹਿੰਦਾ ਕਿ ਆਬਾਦੀ ਹੀ ਬਹੁਤ ਵੱਧ ਗਈ ਹੈ ਜਿਸ ਕਾਰਨ ਇਹ ਭੀੜ ਵੱਧ ਰਹਿੰਦੀ ਹੈ ਤੇ ਹੁਣ ਤਾਂ ਬੱਸਾਂ ਵਿੱਚ ਕੋਈ ਅੰਤ ਨਹੀਂ। ਇੱਕ ਬਜ਼ੁਰਗ ਜਿਹੜਾ ਕਿ ਟੈਂਪੂ ਦੇ ਪਿੱਛੇ ਬਣੇ ਵਾਧਰੇ 'ਤੇ ਬੈਠਾ ਸੀ, ਬੋਲਿਆ ਭਾਈ ਕੌਣ ਕਹਿੰਦਾ ਹੈ ਕਿ ਆਬਾਦੀ ਵੱਧ ਗਈ? ਦੱਸ ਕੌਣ ਕਹਿੰਦਾ ਹੈ, ਉਹ ਨੌਜਵਾਨ ਚੁੱਪ ਹੋ ਗਿਆ ਤੇ ਉਸਨੇ ਸੋਚਿਆ ਕਿ ਸ਼ਾਇਦ ਉਸਨੇ ਗਲਤ ਹੀ ਕਹਿ ਦਿੱਤਾ ਹੈ ਤੇ ਇਹ ਬਜ਼ੁਰਗ ਪਤਾ ਨਹੀਂ ਕਿਹੜਾ ਸੱਪ ਕੱਢੇਗਾ? ਮੈਂ ਬੋਲ ਪਿਆ ਕਿ ਬਾਬਾ ਜੀ ਹਰ ਰੋਜ਼ ਤਾਂ ਰੇਡੀਓ ਟੀਵੀ ਵਾਲੇ ਰੌਲਾ ਪਾਉਂਦੇ ਹਨ ਕਿ ਆਬਾਦੀ ਵੱਧ ਗਈ ਹੈ ਕੰਟਰੋਲ ਕਰੋ। ਬੱਚੇ ਦੋ ਹੀ ਕਾਫੀ, ਹੋਰ ਤੋਂ ਮਾਫੀ, ਬਗੈਰਾ ਬਗੈਰਾ। ਤਾਂ ਬਜ਼ੁਰਗ ਬੋਲਿਆ, ਸੁਣੋ, ਆਬਾਦੀ ਕੋਈ ਨਹੀਂ ਵਧੀ। ਪ੍ਰਮਾਤਮਾ ਦੇ ਘਰ ਜਿਤਨੇ ਅੱਜ ਤੋਂ ਹਜਾਰ ਸਾਲ ਪਹਿਲਾਂ ਜੀਵ ਸਨ ਅੱਜ ਵੀ ਉਤਨੇ ਹੀ ਹਨ ਬੱਸ ਜੇਕਰ ਵੱਧੀਆਂ ਹਨ ਤਾਂ ਬਨਸਪਤੀ, ਜੰਗਲੀ ਜਾਨਵਰਾਂ ਦੀਆਂ ਜੂਨਾਂ ਮਨੁੱਖੀ ਜੂਨਾਂ ਵਿੱਚ ਬਦਲੀਆਂ ਹਨ, ਕੁੱਲ ਗਿਣਤੀ ਉਤਨੀ ਹੀ ਹੈ। ਮਨੁੱਖ ਨੇ ਜੰਗਲੀ ਜਾਨਵਰਾਂ ਨੂੰ ਮਾਰ ਦਿੱਤਾ, ਦਰੱਖਤਾਂ ਨੂੰ ਪੁੱਟ ਦਿੱਤਾ, ਜ਼ਮੀਨਾਂ ਵਿੱਚ ਸਾਲ ਸਾਲ ਵਿੱਚ ਦੋ ਦੋ ਤਿੰਨ ਤਿੰਨ ਫਸਲਾਂ ਬੀਜਣ ਲੱਗ ਪਿਆ, ਅੰਨੇਵਾਹ ਸਪਰੇਹਾਂ ਕਰ ਕਰ ਕੇ ਚਿੜੀਆਂ, ਕਾਂ, ਤੋਤੇ ਆਦਿ ਪੰਛੀਆਂ ਦੀਆਂ ਕਈ ਪਰਜਾਤੀਆਂ ਨੂੰ ਖਤਮ ਕਰ ਦਿੱਤਾ, ਵੱਧ ਦੁੱਧ ਲੈਣ ਦੀ ਲਾਲਸਾ ਨੇ ਮੱਝਾਂ ਨੂੰ ਟੀਕੇ ਲਾ ਲਾ ਕੇ ਗਿਰਝਾਂ ਵੀ ਖਤਮ ਕਰ ਦਿੱਤੀਆਂ। ਬਾਬਾ ਬੋਲੀ ਜਾ ਰਿਹਾ ਸੀ ਤੇ ਉਨ੍ਹਾਂ ਦੀ ਗੱਲ ਤੋਂ ਪਤਾ ਲਗਦਾ ਸੀ ਕਿ ਮਨੁੱਖ ਨੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਖਾਤਿਰ ਕੀ ਕੀ ਨਹੀਂ ਕੀਤਾ? ਇਸ ਦੀਆਂ ਕਾeਰਿਤਾ ਪੂਰਨ ਕੀਤੀਆਂ ਇਹ ਕਾਰਵਾਈਆਂ ਕੁਦਰਤ ਨਾਲ ਖਿਲਵਾੜ ਸਾਬਿਤ ਹੋ ਰਹੀਆਂ ਹਨ। ਸੱਚ ਲਗਦਾ ਹੈ ਕਿ ਮਨੁੱਖ ਵੱਧ ਗਏ ਹਨ ਪਰ ਜੀਵ ਜੰਤੂ ਖਤਮ ਹੋ ਗਏ ਹਨ, ਉਸ ਬਜ਼ੁਰਗ ਦੀ ਗੱਲ ਅੱਜ ਵੀ ਯਾਦ ਆਉਂਦੀ ਹੈ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਸਾਡੇ ਘਰ ਦੀ ਕੱਚੀ ਕੰਧ ਵਿੱਚ ਤੋਤਿਆਂ ਦੁਆਰਾ ਬਣਾਈ ਖੁੱਡ ਵਿੱਚ ਹਰ ਰੋਜ਼ ਸਵੇਰੇ ਸਵੇਰੇ ਤੋਤਿਆਂ ਦੇ ਨਿੱਕੇ ਨਿੱਕੇ ਬੋਟ (ਬੱਚੇ) ਥੱਲੇ ਡਿੱਗ ਪੈਂਦੇ ਸਨ ਤੇ ਅਸੀਂ ਉਠਦੇ ਹੀ ਉਨ੍ਹਾਂ ਨੂੰ ਚੁੱਕ ਕੇ ਖੁੱਡ ਵਿੱਚ ਪਾਉਂਦੇ, ਪਰ ਅੱਜ ਉਹ ਖੁੱਡ ਹੀ ਢਾਹ ਦਿੱਤੀ ਗਈ ਤੇ ਤੋਤੇ ਕਿੱਥੇ ਰਹਿਣਗੇ। ਇਹ ਇੱਕ ਖੁੱਡ ਦੀ ਗੱਲ ਨਹੀਂ ਸਾਰੇ ਘਰਾਂ ਦਾ ਹੀ ਇਹ ਹਾਲ ਹੈ। ਘਰਾਂ ਦੀਆਂ ਕੱਚੀਆਂ ਛੱਤਾਂ ਵਿੱਚ ਵੀ ਚਿੜੀਆਂ ਨੇ ਆਲ੍ਹਣੇ ਬਣਾਏ ਹੁੰਦੇ ਸਨ ਪਰ ਅੱਜ ਲੋਕਾਂ ਦੇ ਪੱਕੇ ਘਰਾਂ ਤੋਂ ਇਨ੍ਹਾਂ ਪੰਛੀਆਂ ਨੂੰ ਡਰ ਲੱਗਣ ਲੱਗ ਪਿਆ ਹੈ। ਉਨ੍ਹਾਂ ਨੂੰ ਇਹ ਪੱਕੇ ਘਰ ਦੁਸ਼ਮਣ ਦੇ ਕਿਲ੍ਹੇ ਦਿਸਣ ਲੱਗੇ ਹਨ। ਭਾਵੇਂ ਪੰਛੀ ਫਿਰ ਵੀ ਮਨੁੱਖ ਦੀ ਬੰਦਿਸ਼ ਵਿੱਚ ਨਹੀਂ ਹਨ ਪਰ ਫਿਰ ਵੀ ਮਨੁੱਖ ਦੀ ਸੌੜੀ ਸੋਚ ਦਾ ਪ੍ਰਗਟਾਵਾ ਤਾਂ ਹੋ ਹੀ ਰਿਹਾ ਹੈ ਨਾ। ਕਿਸੇ ਸਮੇਂ ਬੱਚੇ ਟੋਕਰੇ ਥੱਲੇ ਡੰਡਾ ਖੜ੍ਹਾ ਕਰਕੇ ਤੇ ਨਾਲ ਰੱਸੀ ਬੰਨ੍ਹ ਕੇ ਦੂਰ ਬੈਠ ਕੇ ਬੱਚੇ ਚਿੜੀਆਂ ਨਾਲ ਫੜ੍ਹਨ ਫੜ੍ਹਾਈ ਖੇਡਦੇ ਸਨ। ਕਾਂ ਵੀ ਚਲਾਕੀ ਦਿਖਾਉਂਦਾ ਕੰਧ ਅਤੇ ਮੰਜੇ ਦੇ ਸੰਨ੍ਹ ਵਿੱਚ ਨਹਾਉਂਦੀ ਔਰਤ ਦੇ ਹੱਥੋਂ ਸਾਬਣ ਖੋਹ ਕੇ ਲੈ ਜਾਂਦਾ ਸੀ ਤੇ ਉਹ ਵਿਚਾਰੀ ਇਕੱਲਾ ਮੂੰਹ ਧੋ ਕੇ ਹੀ ਨਹਾਉਣਾ ਕਹਿ ਦਿੰਦੀ ਸੀ।
        ਗੱਲ ਚੱਲ ਰਹੀ ਸੀ ਕਿ ਵਾਤਾਵਰਣ ਦੀ ਕਿ ਮਨੁੱਖ ਨੂੰ ਦਿਮਾਗ ਦਿੱਤਾ ਹੈ ਤੇ ਇਹ ਅਜੇ ਵੀ ਗੁਲਾਮ ਹੈ ਤੇ ਬੇ ਦਿਮਾਗੇ ਪਸ਼ੂ ਪੰਛੀ ਆਜ਼ਾਦ। ਇੱਕ ਮਨੁੱਖ ਨੇ ਦੂਜੇ ਮਨੁੱਖ ਨੂੰ, ਇੱਥੋਂ ਤੱਕ ਕਿ ਭਰਾ ਨੇ ਭਰਾ ਨੂੰ ਨੀਵਾਂ ਝੁਕਾਉਣ ਲਈ ਕੀ ਕੀ ਵਿਉਂਤਾਂ ਨਹੀਂ ਗੁੰਦੀਆਂ। ਇਸ ਵਿੱਚ ਉਸਦਾ ਭਾਵੇਂ ਨੁਕਸਾਨ ਹੀ ਹੋ ਜਾਵੇ ਪਰ ਉਹ ਚਾਹੁੰਦਾ ਹੈ ਕਿ ਸਿਰਫ ਉਸੇ ਦੀ ਤੂਤੀ ਬੋਲੇ ਤੇ ਲੋਕ ਉਸਨੂੰ ਹੀ ਸਲਾਮਾਂ ਕਰਨ, ਇਹ ਹੈ ਮਨੁੱਖ ਸੌੜੀ ਸੋਚ ਦਾ ਗੁਲਾਮ। ਭਾਵੇਂ ਮਨੁੱਖ ਨੇ ਇਨ੍ਹਾਂ ਪਸ਼ੂ ਪੰਛੀਆਂ ਨੂੰ ਵੀ ਆਜ਼ਾਦ ਨਹੀਂ ਰਹਿਣ ਦਿੱਤਾ ਤੇ ਉਹ ਕਈ ਖਤਰਨਾਕ ਜੀਵਾਂ ਜਿਵੇਂ ਸ਼ੇਰ, ਹਾਥੀ, ਆਦਿਕ ਨੂੰ ਸਰਕਸਾਂ ਵਿੱਚ ਵਰਤਣ ਲੱਗ ਪਿਆ ਤੇ ਕੁਦਰਤ ਨਾਲ ਖਿਲਵਾੜ ਕੀਤਾ। ਕਈ ਪੰਛੀਆਂ ਨੂੰ ਪਿੰਜਰਿਆਂ ਵਿੱਚ ਬੰਦ ਕੀਤਾ। ਦੁੱਧ ਲੈਣ ਲਈ ਕਈ ਜਾਨਵਰਾਂ ਗਾਂ ਮੱਝ ਆਦਿ ਨੂੰ ਕੈਦ ਕਰਕੇ ਕਿੱਲੇ ਬੰਨ੍ਹ ਲਿਆ। ਕਈ ਜਾਨਵਰਾਂ ਬੱਕਰਾ, ਮੁਰਗਾ ਆਦਿ ਨੂੰ ਜੀਭ ਦਾ ਸਵਾਦ ਪੂਰਾ ਕਰਨ ਲਈ ਰਾਖਵਾਂ ਰੱਖ ਲਿਆ ਤੇ ਪਹਿਲਾਂ ਪੂਰੀ ਸੇਵਾ ਕਰਕੇ ਪਾਲਣਾ ਤੇ ਬਾਅਦ ਵਿੱਚ ਇੱਕੋ ਦਿਨ ਸਮੇਟ ਦੇਣਾ। ਕੁਦਰਤ ਨਾਲ ਖਿਲਵਾੜ ਕਰਦਿਆਂ ਇੱਕ ਦੇਸ਼ ਨੇ ਦੂਜੇ ਦੇਸ਼ ਨੂੰ ਡਰਾਉਣ ਲਈ ਐਟਮ ਬੰਬ ਤੇ ਹੋਰ ਕਈ ਤਰ੍ਹਾਂ ਦੇ ਖਤਰਨਾਕ ਹਥਿਆਰ ਬਣਾ ਲਏ। ਇਹ ਸਭ ਕੰਮ ਮਨੁੱਖੀ ਦਿਮਾਗ ਦੀਆਂ ਕਾਢਾਂ ਹਨ। ਇਹ ਸਭ ਕਾਦਰ ਦੀ ਕੁਦਰਤ ਦੇ ਵਾਤਾਵਰਣ ਦੇ ਵਿਰੁੱਧ ਹਨ।
         ਮਨੁੱਖ ਨੇ ਆਪਣੀ ਤਰੱਕੀ ਦੇ ਨਾਮ 'ਤੇ ਭਾਵੇਂ ਕਈ ਨਵੇਂ ਨਵੇਂ ਪ੍ਰਾਜੈਕਟ ਈਜਾਦ ਕਰ ਲਏ ਹਨ। ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਲਈ ਉੱਚੇ ਉੱਚੇ ਟਾਵਰ, ਮੋਬਾਈਲ ਫੋਨ ਦੇ ਸੰਚਾਰ ਲਈ ਵੀ ਟਾਵਰ ਅਤੇ ਰੇਲ ਵਿਭਾਗ, ਬੈਂਕਾਂ ਅਤੇ ਹੋਰ ਨੈਟਵਰਕ ਲਈ ਵੀ ਟਾਵਰ ਅਤੇ ਕੋਐਕਸ਼ੀਅਲ ਕੇਬਲਾਂ ਪਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਹੈ ਪਰ ਕੀ ਕਦੇ ਸੋਚਿਆ ਹੈ ਕਿ ਇਹ ਟਾਵਰ ਲਾਉਣ ਲਈ ਮਣਾਂ ਮੂੰਹੀ ਲੋਹਾ ਕਿੱਥੋਂ ਆਇਆ? ਧਰਤੀ ਵਿੱਚੋਂ, ਧਰਤੀ ਵਿੱਚੋਂ ਕਈ ਖਣਿਜ ਪਦਾਰਥ ਕੱਢ ਲਏ ਹਨ, ਜਿਸ ਵਿੱਚ ਪਾਣੀ, ਲੋਹਾ, ਕੋਇਲਾ, ਤੇਲ, ਪੱਥਰ ਆਦਿ ਕੱਢੇ ਜਾ ਰਹੇ ਹਨ ਤੇ ਇਨ੍ਹਾਂ ਥਾਂਵਾਂ ਵਿੱਚੋਂ ਧਰਤੀ ਥੋਥੀ ਹੁੰਦੀ ਜਾ ਰਹੀ ਹੈ। ਇੱਕ ਥਾਂ ਤੋਂ ਲੱਖਾਂ ਮਣ ਇਹ ਪਦਾਰਥ ਕੱਢ ਕੇ ਦੂਜੇ ਪਾਸੇ ਧਰਤੀ ਉੱਪਰ ਹੀ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਕਾਰਨ ਧਰਤੀ ਦਾ ਸੰਤੁਲਣ ਵਿਗੜ ਰਿਹਾ ਹੈ ਤੇ ਇਸ ਕਾਰਨ ਹਰ ਰੋਜ਼ ਹੀ ਕਿਧਰੇ ਨਾ ਕਿਧਰੇ ਛੋਟਾ ਮੋਟਾ ਭੁਚਾਲ, ਤੁਫਾਨ ਜਾਂ ਕੋਈ ਹੋਰ ਆਫਤ ਆਉਂਦੀ ਹੀ ਰਹਿੰਦੀ ਹੈ। ਮਨੁੱਖ ਦੁਆਰਾ ਆਪਣੇ ਸੁੱਖ ਸਾਧਨਾਂ ਲਈ ਕੁਦਰਤ ਨਾਲ ਕੀਤੀ ਜਾ ਰਹੀ ਇਹ ਛੇੜਛਾੜ ਬਹੁਤ ਹੀ ਮਹਿੰਗੀ ਪਵੇਗੀ।
            ਇਹ ਪੰਜਾਬੀ ਕਹਾਵਤ ਆਮ ਸੁਣੀ ਜਾਂਦੀ ਹੈ ਕਿ ਫਲਾਣੇ ਨੇ ਫਲਾਣੇ ਦੇ ਜੜੀਂ ਤੇਲ ਦੇ ਦਿੱਤਾ, ਭਾਵ ਕਿ ਕਿਸੇ ਇੱਕ ਵਿਅਕਤੀ ਨੇ ਦੂਜੇ ਦਾ ਬੇੜਾ ਗਰਕ ਕਰ ਦਿੱਤਾ। ਇਸੇ ਤਰ੍ਹਾਂ ਇੱਕ ਅਦਭੁੱਤ ਖੋਜ ਕਰਕੇ ਇਹ ਪਤਾ ਲਗਾਇਆ ਗਿਆ ਸੀ ਕਿ ਬਨਸਪਤੀ ਵਿੱਚ ਸਾਰੇ ਦਰੱਖਤ ਦਿਨ ਦੇ ਸਮੇਂ ਆਕਸੀਜ਼ਨ ਛੱਡਦੇ ਹਨ ਤੇ ਕਾਰਬਨ ਡਾਈ ਆਕਸਾਈਡ ਖਾਂਦੇ ਹਨ ਤੇ ਰਾਤ ਸਮੇਂ ਉਲਟਾ ਭਾਵ ਆਕਸੀਜਨ ਖਾਂਦੇ ਅਤੇ ਕਾਰਬਨ ਡਾਈ ਆਕਸਾਈਡ ਛੱਡਦੇ ਹਨ ਪਰ ਇੱਕ ਖੋਜ ਇਹ ਵੀ ਹੋਈ ਕਿ ਪੰਜ ਦਰੱਖਤ ਪਿੱਪਲ, ਬੋਹੜ, ਜੰਡ, ਕਰੀਰ ਤੇ ਫਰਮਾਂਹ ੨੪ ਘੰਟੇ ਹੀ ਆਕਸੀਜ਼ਨ ਛੱਡਦੇ ਹਨ ਤੇ ਇਨ੍ਹਾਂ ਪੇੜਾਂ ਨੂੰ ਬਚਾਉਣ ਲਈ ਕੋਈ ਹੀਲਾ ਕਰਨਾ ਚਾਹੀਦਾ ਹੈ। ਇਹ ਵੀ ਸੱਚ ਹੋ ਸਕਦਾ ਹੈ ਕਿ ਕਿਸੇ ਮਹਾਂਪੁਰਸ਼ ਨੇ ਇਨ੍ਹਾਂ ਦਰੱਖਤਾਂ ਨੂੰ ਪਾਣੀ ਪਾਉਣ ਲਈ ਕਿਹਾ ਹੋਵੇ, ਇਨ੍ਹਾਂ ਦੀ ਟਾਹਣੀ ਤੋੜਨ'ਤੇ ਪਾਬੰਦੀ ਲਗਾਈ ਹੋਵੇ ਤੇ ਇਨ੍ਹਾਂ ਨੂੰ ਬਚਾਉਣ ਦਾ ਇੱਕ ਹੋਕਾ ਮਾਰਿਆ ਹੋਵੇ। ਇਹੀ ਕਾਰਨ ਹੈ ਕਿ ਅੱਜ ਵੀ ਲੋਕ ਬੋਹੜ ਅਤੇ ਪਿੱਪਲ ਦੀ ਟਾਹਣੀ ਵੀ ਤੋੜ ਕੇ ਆਪਣੇ ਘਰ ਨਹੀਂ ਲੈ ਕੇ ਜਾਂਦਾ। ਕਿਉਂਕਿ ਪੁਰਾਣੇ ਸਮਿਆਂ ਵਿੱਚ ਪਾਣੀ ਦੀ ਕਮੀ ਸੀ ਪਰ ਇਹ ਦਰੱਖਤ ਬਹੁਤਾਂਤ ਵਿੱਚ ਸਨ ਤੇ ਇੰਨੇ ਦਰੱਖਤਾਂ ਨੂੰ ਪਾਣੀ ਪਾਉਣਾ ਸੰਭਵ ਨਹੀਂ ਸੀ ਇਸ ਲਈ ਚਲਾਕ ਲੋਕਾਂ ਨੇ ਆਮ ਭੋਲੇ ਭਾਲੇ ਲੋਕਾਂ ਦਾ ਆਰਥਿਕ ਸੋਸ਼ਣ ਕਰਨ ਲਈ ਅਤੇ ਆਪਣਾ ਤੋਰੀ ਫੁਲਕਾ ਚਲਦਾ ਰੱਖਣ ਲਈ ਉਨ੍ਹਾਂ ਨੂੰ ਕੱਚੀ ਲੱਸੀ ਪਾਉਣ ਲਗਾ ਦਿੱਤਾ। ਇੱਥੋਂ ਤੱਕ ਤਾਂ ਠੀਕ ਠਾਕ ਸੀ ਪਰ ਹੌਲੀ ਹੌਲੀ ਇਨ੍ਹਾਂ ਦਰੱਖਤਾਂ ਨੂੰ ਲੱਸੀ ਪੈਣ ਤੋਂ ਬਾਅਦ ਕਿਸੇ ਹੋਰ ਚਲਾਕ ਤਾਂਤਰਿਕ, ਜਾਂ ਪੰਡਤ ਨੇ ਇਨ੍ਹਾਂ ਦਰੱਖਤਾਂ ਦੇ ਜੜਾਂ ਵਿੱਚ ਤੇਲ ਪਾਉਣ ਲਈ ਕਹਿ ਦਿੱਤਾ ਜੋ ਕਿ ਇਨ੍ਹਾਂ ਦਰੱਖਤਾਂ ਦੇ ਪਤਨ ਦਾ ਕਾਰਨ ਬਣਿਆ। ਹੁਣ ਜਿੱਥੇ ਵੀ ਇੱਕ ਅੱਧ ਇਹ ਦਰੱਖਤ ਬਚਿਆ ਹੈ ਉਸਦਾ ਇੱਕ ਵੀ ਪੱਤਾ ਹਰਾ ਨਹੀਂ ਬਲਕਿ ਸੁੱਕਾ ਮੁੱਢ ਹੀ ਬਚਿਆ ਹੈ ਪਰ ਲੋਕ ਇਸ ਮੁੱਢ ਨੂੰ ਵੀ ਤੇਲ ਦੇ ਰਹੇ ਹਨ ਕਿ ਕਿਤੇ ਹਾਲੇ ਵੀ ਹਰਾ ਨਾ ਹੋ ਜਾਵੇ। ਇਹ ਵੀ ਬਹੁਤ ਹੀ ਜ਼ੁਰਮ ਭਰਿਆ ਕਾਰਜ ਹੈ ਤੇ ਸਾਡੀਆਂ ਸਮਾਜ ਸੇਵੀ ਅਤੇ ਵਾਤਾਵਰਣ ਬਚਾਓ ਜਥੇਬੰਦੀਆਂ ਨੂੰ ਇਨ੍ਹਾਂ ਦਰੱਖਤਾਂ ਨੂੰ ਵੀ ਬਚਾਉਣਾ ਚਾਹੀਦਾ ਹੈ ਤੇ ਜਿੱਥੇ ਉਹ ਲੋਕਾਂ ਨੂੰ ਵਾਤਾਵਰਣ ਦਿਵਸ ਮਨਾਉਣ ਅਤੇ ਵਾਤਾਵਰਣ ਬਚਾਉਣ ਲਈ ਜਾਗਰੂਕ ਕਰ ਰਹੇ ਹਨ ਉੱਥੇ ਹੀ ਅਜਿਹੇ ਗੈਰ ਸਿਧਾਂਤਕ ਤੇ ਗੈਰ ਕੁਦਰਤੀ ਵਰਤਾਰੇ ਨੂੰ ਰੋਕਣ ਲਈ ਅੱਗੇ ਆਉਣ। ਭਾਵੇਂ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਹੋ ਸਕਦੀਆਂ ਹਨ ਪਰ ਧਰਮ ਕਦੇ ਵੀ ਕਿਸੇ ਦਾ ਪਤਨ ਕਰਨ ਦੀ ਆਗਿਆ ਨਹੀਂ ਦਿੰਦਾ। ਇਹ ਕੋਈ ਧਾਰਮਿਕ ਕਾਰਜ ਨਹੀਂ ਬਲਕਿ ਇੱਕ ਪਾਖੰਡ ਹੈ ਤੇ ਲੋਕਾਂ ਨੂੰ ਇਸ ਤੋਂ ਰੋਕਣਾ ਚਾਹੀਦਾ ਹੈ। ਸਰਕਾਰ ਨੂੰ ਤੇ ਵਾਤਾਵਰਣ ਪ੍ਰੇਮੀਆਂ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਰਹਿੰਦੇ ਅਜਿਹੇ ਦਰੱਖਤਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
            ਵੱਡੀਆਂ ਵੱਡੀਆਂ ਸੰਸਥਾਵਾਂ ਅਤੇ ਸਰਕਾਰੀ ਮੰਤਰਾਲਿਆਂ ਦੁਆਰਾ ਸਾਲ ਵਿੱਚ ਇੱਕ ਵਾਰ ਵਾਤਾਵਰਣ ਦਿਵਸ ਮਨਾ ਕੇ ਕਰੋੜਾਂ ਰੁਪੈ ਵਹਾ ਦਿੱਤੇ ਜਾਂਦੇ ਹਨ ਪਰ ਉਸਦਾ ਸਾਰਥਿਕ ਸਿੱਟਾ ਕਦੇ ਵੀ ਨਹੀਂ ਨਿੱਕਲਿਆ। ਫੈਕਟਰੀਆਂ ਦੁਆਰਾ ਨਹਿਰਾਂ ਤੇ ਦਰਿਆਵਾਂ ਵਿੱਚ ਗੰਦਾ ਪਾਣੀ ਉਸੇ ਤਰ੍ਹਾਂ ਪੈ ਰਿਹਾ ਹੈ, ਦਰੱਖਤਾਂ ਦੀ ਕਟਾਈ ਵੀ ਨਿਰੰਤਰ ਜਾਰੀ ਹੈ, ਨਵੇਂ ਪੌਦੇ ਲਗਾ ਦਿੱਤੇ ਜਾਂਦੇ ਹਨ ਪਰ ਪੂਰਾ ਸਾਲ ਉਨ੍ਹਾਂ ਨੂੰ ਪਾਣੀ ਪਾਉਣ ਵਾਲਾ ਕੋਈ ਨਹੀਂ। ਚਿਤਾਵਨੀਆਂ ਦੇ ਬਾਵਜ਼ੂਦ ਗੱਡੀਆਂ ਦਾ ਵਾਧਾ ਨਿਰੰਤਰ ਜਾਰੀ ਹੈ, ਗੱਡੀਆਂ ਦਾ ਪ੍ਰਦੂਸ਼ਣ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ, ਬੱਸਾਂ ਟਰੱਕਾਂ ਦੇ ਪ੍ਰੈਸ਼ਰ ਹਾਰਨ ਕਾਨੂੰਨੀ ਪਾਬੰਦੀ ਦੇ ਬਾਵਜ਼ੂਦ ਕੰਨ ਪਾੜਦੇ ਫਿਰ ਰਹੇ ਹਨ ਪਰ ਵਾਤਾਵਰਣ ਦਿਵਸ ਦੌਰਾਨ ਵੀ ਇੱਕ ਵੀ ਹਾਰਨ ਨਹੀਂ ਉਤਾਰਿਆ ਜਾਂਦਾ। ਗੱਲ ਕੀ ਅਸੀਂ ਸਿਰਫ ਨਾਂ ਦਾ ਹੀ ਵਾਤਾਵਰਣ ਦਿਵਸ ਮਨਾਉਂਦੇ ਹਾਂ ਪਰ ਜੇਕਰ ਸਹੀ ਮਾਹਨਿਆਂ ਵਿੱਚ ਵਾਤਾਵਰਣ ਦਿਵਸ ਮਨਾਉਣਾ ਹੈ ਤਾਂ ਇਸ ਦਿਨ ਪ੍ਰਣ ਕਰੋ ਕਿ ਘੱਟੋ ਘੱਟ ਇੱਕ ਪ੍ਰਦੂਸ਼ਣ ਰਹਿਤ ਕਾਰਜ ਕਰਾਂਗਾ। ਜਾਂ ਤਾਂ ਅੱਜ ਤੋਂ ਬਾਅਦ ਹਾਰਨ ਬਿੱਲਕੁੱਲ ਨਹੀਂ ਮਾਰਾਂਗਾ, ਜਾਂ ਗੱਡੀ ਦਾ ਪ੍ਰਦੂਸ਼ਣ ਸਿਰਫ ਪੁਲਿਸ ਨੂੰ ਦਿਖਾਉਣ ਲਈ ਨਹੀਂ ਬਲਕਿ ਵਾਤਾਵਰਣ ਸ਼ੁਧ ਕਰਨ ਲਈ ਸਮੇਂ ਸਮੇਂ ਤੇ ਚੈਕ ਕਰਵਾਵਾਂਗਾ, ਘਰ ਵਿੱਚ ਦੋ ਜਾਂ ਵੱਧ ਗੱਡੀਆਂ ਹੋਣ 'ਤੇ ਘੱਟੋ ਘੱਟ ਇੱਕ ਗੱਡੀ ਦਾ ਪ੍ਰਚੱਲਣ ਘੱਟ ਕਰਾਂਗਾ, ਸਾਡੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਇਹ ਪ੍ਰਣ ਕਰਨ ਕਿ ਉਹ ਆਪਣੇ ਨਾਲ ਗੱਡੀਆਂ ਦਾ ਕਾਫਲਾ ਘੱਟ ਕਰਨ ਲਈ ਉਪਰਾਲੇ ਕਰਨਗੇ, ਫੈਕਟਰੀਆਂ ਦਾ ਗੰਦਾ ਪਾਣੀ ਨਹਿਰਾਂ, ਖਾਲਾਂ, ਸੂਇਆਂ ਤੇ ਦਰਿਆਵਾਂ ਵਿੱਚ ਪੈਣ ਤੋਂ ਰੋਕਣ ਲਈ ਕਦਮ ਚੁੱਕੇ ਜਾਣਗੇ। ਲੋਕਾਂ ਨੂੰ ਅਨਮੱਤੀ ਕੰਮ ਜਿਵੇਂ ਕਿਸੇ ਦਰੱਖਤ ਦੇ ਜੜ੍ਹਾਂ ਵਿੱਚ ਤੇਲ ਪਾਉਣ ਤੋਂ ਰੋਕਣ ਲਈ ਕਾਨੂੰਨ ਬਣਾਉਣ ਲਈ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ, ਜੇਕਰ ਇਹ ਅਸੀਂ ਕਰਨ ਲਈ ਤਿਆਰ ਹਾਂ ਤਾਂ ਅਸੀਂ ਅੱਗੇ ਹੋਰ ਵੀ ਕਦਮ ਵਾਤਾਵਰਣ ਸ਼ੁੱਧ ਕਰਨ ਲਈ ਚੁੱਕ ਸਕਦੇ ਹਾਂ ਨਹੀਂ ਤਾਂ ਹਰ ਸਾਲ ਰਸਮੀ ਤੌਰ 'ਤੇ ਇਹ ਮਨਾ ਰਹੇ ਹਾਂ, ਪੰਛੀਆਂ ਦੀ ਗਿਣਤੀ ਦਿਨੋ ਦਿਨ ਘੱਟ ਰਹੀ ਹੈ, ਮਨੁੱਖ ਦੀ ਜੂਨ 'ਚ ਸੁਧਾਰ ਆ ਰਿਹਾ ਹੈ ਪਰ ਪਸ਼ੂਆਂ ਦੀ ਜੂਨ ਦਿਨੋ ਦਿਨ ਖਰਾਬ ਹੋ ਰਹੀ ਹੈ। ਦਰੱਖਤਾਂ ਦੀ ਗਿਣਤੀ ਘੱਟ ਹੋ ਰਹੀ ਹੈ, ਸਰਕਾਰ ਦੁਆਰਾ ਹੀ ਵਿਕਾਸ ਦੇ ਨਾਮ 'ਤੇ ਸੜਕਾਂ ਚੌੜੀਆਂ ਕਰਨ ਲਈ ਨਵੇਂ ਦਰੱਖਤ ਲਾਉਣ ਤੋਂ ਪਹਿਲਾਂ ਹੀ ਪੁਰਾਣੇ ਕੱਟੇ ਜਾ ਰਹੇ ਹਨ ਜੋ ਕਿ ਸਿੱਧਾ ਹੀ ਵਾਤਾਵਰਣ ਨਾਲ ਖਿਲਵਾੜ ਹੈ। ਕਾਨੂੰਨ ਮੁਤਾਬਕ ਸੜਕ ਤੋਂ ਦਰੱਖਤ ਪੁੱਟਣ ਲਈ ਪਿੱਛੇ ਕਰਕੇ ਪਹਿਲਾਂ ਸੜਕ ਉੱਪਰ ਨਵੇਂ ਦਰੱਖਤ ਲਾਓ, ਜਦ ਇਹ ਪੌਦੇ ਚੱਲ ਪੈਣ ਤਾਂ ਪੁਰਾਣੇ ਦਰੱਖਤ ਪੁੱਟ ਲਓ ਪਰ ਪੰਜਾਬ ਦੀਆਂ ਹੀ ਦਰਜਨਾਂ ਹੀ ਸੜਕਾਂ ਉੱਪਰ ਦਰੱਖਤ ਪੁੱਟ ਕੇ ਸੜਕਾਂ ਘੋਨੀਆਂ ਕਰ ਦਿੱਤੀਆਂ ਤੇ ਨਵੇਂ ਪੌਦੇ ਹਾਲ ਤੱਕ ਨਹੀਂ ਲੱਗੇ। ਇਸਨੂੰ ਵਾਤਾਵਰਣ ਦਿਵਸ ਨਹੀਂ ਵਾਤਾਵਰਣ ਖਿਲਵਾੜ ਦਿਵਸ ਕਹਿਣਾ ਜ਼ਿਆਦਾ ਵਧੀਆ ਰਹੇਗਾ।

No comments:

Post a Comment