Saturday 3 March 2012

ਮੇਰਾ ਭਾਰਤ ਮਹਾਨ

ਮੇਰਾ ਭਾਰਤ ਮਹਾਨ        ਅਵਤਾਰ ਸਿੰਘ ਤੁੰਗਵਾਲੀ
                                   ੯੮੫੫੭-੫੮੦੬੪

ਕਈ ਗੱਲਾਂ ਵਿੱਚ ਮੇਰਾ ਭਾਰਤ ਵਾਕਈ ਮਹਾਨ ਹੈ। ਹੁਣ ਤਾਂ ਦੁਨੀਆਂ ਵਿੱਚ ਵੀ ਭਾਰਤ ਦਾ ਨਾਮ ਆਉਣ ਲੱਗ ਪਿਆ ਹੈ ਤੇ ਦੁਨੀਆਂ ਦੀ ਸੁਪਰ ਪਾਵਰ ਅਮਰੀਕਾ ਦਾ ਰਾਸ਼ਟਰਪਤੀ ਬਰਾਕ ਉਬਾਮਾ ਵੀ ਭਾਰਤ ਦੇ ਇੰਜੀਨੀਅਰਾਂ ਦੀ ਦਾਦ ਦਿੰਦਾ ਹਰ ਵਕਤ ਆਪਣੇ ਦੇਸ਼ ਵਾਸੀਆਂ ਨੂੰ ਭਾਰਤੀ ਇੰਜੀਨੀਅਰਾਂ ਤੋਂ ਸੁਚੇਤ ਹੋਣ ਦੀ ਗੱਲ ਕਰਦਾ ਹੈ। ਹੁਣ ਤਾਂ ਚਾਈਨਾ ਨੇ ਵੀ ਆਪਣੀ ਧੁਨ ਭਾਰਤ ਪ੍ਰਤੀ ਬਦਲ ਲਈ ਹੈ ਤੇ ਕਈ ਵਾਰ ਉਹ ਵੀ ਭਾਰਤੀਆਂ ਦੇ ਨਾਮ ਤੋਂ ਥਰ ਥਰਾਉਣ ਲੱਗ ਪੈਂਦਾ ਹੈ।
         ਅੱਜ ਅਸੀਂ ਭਾਰਤ ਦੀਆਂ ਪ੍ਰਾਪਤੀਆਂ ਦੀ ਗੱਲ ਨਹੀਂ ਕਰਨੀ ਬਲਕਿ ਦੁਨੀਆਂ ਦੇ ਨਵੇਂ ਨਵੇਂ ਤਰੀਕੇ ਜੋ ਈਜਾਦ ਕੀਤੇ ਹਨ ਸੁਖ ਸਾਧਨਾਂ ਲਈ ਅਤੇ ਵਰਤੇ ਕਿਤੇ ਹੋਰ ਜਾਂਦੇ ਹਨ ਜਾਂ ਕਈ ਵਾਰੀ ਗਲਤ ਇਸਤੇਮਾਲ ਕੀਤੇ ਜਾਂਦੇ ਹਨ, ਉਨ੍ਹਾਂ ਦੀ ਚਰਚਾ ਕਰਾਂਗੇ।
           ਮੇਰੇ ਭਾਰਤ ਮਹਾਨ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਨੂੰ ਪਾਪੀ ਪੇਟ ਭਰਨ ਲਈ ਆਟਾ ੨੦ ਰੁਪੈ ਕਿੱਲੋ, ਚਾਵਲ ੪੦ ਰੁਪੈ ਕਿੱਲੋ ਤੇ ਨਮਕ ੧੫ ਰੁਪੈ ਕਿੱਲੋ ਮਿਲਦਾ ਹੈ ਉੱਥੇ ਮੋਬਾਈਲ ਫੋਨ ਦਾ ਸਿਮ ਮੁਫਤ ਹੈ, ਹੋਰ ਤਾਂ ਹੋਰ ਨਾਲ 'ਫਰੀ ਟਾਕ ਟਾਈਮ' ਮਿਲਦਾ ਹੈ ਜਦ ਕਿ ਗਰੀਬਾਂ ਲਈ ਖਾਣਪੀਣ ਦਾ ਸਾਮਾਨ ਮੁਫਤ ਚਾਹੀਦਾ ਸੀ ਪਰ ਅਮੀਰਾਂ ਦੀ ਜਰੂਰਤ ਦਾ ਸਾਮਾਨ ਮੁਫਤ ਮਿਲ ਰਿਹਾ ਹੈ। ਹੁਣ ਗਰੀਬਾਂ ਨੂੰ ਵੀ ਸਿਮ ਮੁਫਤ ਦੇ ਕੇ ਉਨ੍ਹਾਂ ਨੂੰ ਮੁਫਤ ਰਾਸ਼ਣ ਦੀ ਗੱਲ ਭੁਲਾਉਣ ਦਾ ਯਤਨ ਕਤਾ ਹੈ।
                ਇੱਕ ਛੋਟੀ ਜਿਹੀ ਗੱਲ, ਬਾਹਰਲੇ ਦੇਸ਼ਾਂ ਵਿੱਚ ਲੋਕ ਸਾਰਾ ਦਿਨ ਕੰਮ ਕਰਦੇ ਹਨ ਤੇ ਮਿੱਟੀ ਘੱਟਾ ਲਾਹੁਣ ਲਈ ਘਰ ਆ ਕੇ ਨਹਾਉਂਦੇ ਹਨ, ਸਵੇਰੇ ਉਸੇ ਤਰ੍ਹਾਂ ਬਗੈਰ ਨਹਾਏ ਹੀ ਕੰਮ 'ਤੇ ਚਲੇ ਜਾਂਦੇ ਹਨ। ਉਹ ਸਾਰਾ ਦਿਨ ਖਾਂਦੇ ਪੀਂਦੇ ਰਹਿੰਦੇ ਹਨ ਤੇ ਸ਼ਾਮ ਨੂੰ ਸੌਣ ਵੇਲੇ ਦੰਦ ਸਾਫ ਕਰਦੇ ਹਨ ਪਰ ਮੇਰੇ ਭਾਰਤ ਮਹਾਨ ਵਿੱਚ ਇਹ ਉਲਟਾ ਹੈ। ਇੱਥੇ ਲੋਕ ਸਵੇਰੇ aੁੱਠ ਕੇ ਨਹਾਉਂਦੇ ਹਨ ਤੇ ਨਹਾਉਣ ਸਾਰ ਕੰਮ'ਤੇ ਚਲੇ ਜਾਂਦੇ ਹਨ, ਸਾਰਾ ਦਿਨ ਮਿੱਟੀ ਘੱਟਾ ਉੱਪਰ ਪਿਆ ਉਸੇ ਤਰ੍ਹਾਂ ਖਾ ਪੀ ਕੇ ਸੌਂ ਜਾਂਦੇ ਹਨ। ਇਹ ਸਵੇਰੇ ਉੱਠਕੇ ਦੰਦ ਸਾਫ ਕਰਦੇ ਹਨ ਤੇ ਨਾਲ ਹੀ ਸਾਰਾ ਦਿਨ ਖਾਂਦੇ ਪੀਂਦੇ ਹਨ ਤੇ ਸ਼ਾਮ ਨੂੰ ਉਸੇ ਤਰ੍ਹਾਂ ਸਾਰੇ ਦਿਨ ਦੇ ਗੰਦੇ ਦੰਦ ਲੈ ਕੇ ਹੀ ਸੌਂ ਜਾਂਦੇ ਹਨ।
        ਇਹ ਵੀ ਹਾਸੋਹੀਣੀ ਗੱਲ ਹੈ ਕਿ ਜਦ ਇੱਕ ਪਾਸੇ ਇੱਕ ਐਕਸੀਡੈਂਟ ਹੋ ਜਾਵੇ ਤੇ ਇੱਕ ਪਾਸੇ ਤੁਹਾਡੇ ਘਰ ਦੋ ਚਾਰ ਪ੍ਰਾਹੁਣੇ ਆ ਜਾਣ ਤੇ ਤੁਸੀਂ ਪ੍ਰਾਹੁਣਿਆਂ ਲਈ ਪੀਜ਼ਾ ਜਾਂ ਕੁੱਝ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਇੱਕ ਪਾਸੇ ਦੁਰਘਟਨਾ ਦੀ ਸੂਚਨਾ ਦੇਣ ਲਈ ਐਂਬੂਲੈਂਸ ਨੂੰ ਫੋਨ ਕਰੋ ਤੇ ਇੱਕ ਪਾਸੇ ਹੋਮ ਡਲਿਵਰੀ ਵਾਲੇ ਪੀਜ਼ਾ ਹੱਟ ਨੂੰ ਫੋਨ ਕਰੋ। ਇਹ ਸੱਚ ਹੈ ਕਿ ਭਾਵੇਂ ਕਿਸੇ ਦਾ ਕਤਲ ਹੋਇਆ ਹੋਵੇ, ਕਿਸੇ ਨੂੰ ਹਾਰਟ ਅਟੈਕ ਹੋਇਆ ਹੋਵੇ, ਜਾਂ ਕੁੱਝ ਵੀ, ਪੀਜ਼ਾ ਪਹਿਲਾਂ ਘਰ ਪਹੁੰਚੇਗਾ ਤੇ ਐਂਬੂਲੈਂਸ ਬਾਅਦ ਵਿੱਚ। ਪੁਲਿਸ ਦਾ ਤਾਂ ਕਹਿਣਾ ਹੀ ਕੀ ਹੈ ਇਹ ਵੀ ਪਹਿਲਾਂ ਕਿਸੇ ਸਮਾਜ ਸੇਵੀ ਜਥੇਬੰਦੀ ਨੂੰ ਫੋਨ ਕਰਦੀ ਹੈ ਤੇ ਉਨ੍ਹਾਂ ਦੀ ਐਂਬੂਲੈਂਸ ਪਹੁੰਚਣ ਤੋਂ ਬਾਅਦ ਹੀ ਪਹੁੰਚਦੀ ਹੈ।
           ਮੇਰੇ ਭਾਰਤ ਮਹਾਨ ਦੀ ਇੱਕ ਹੋਰ ਖੂਬੀ ਦੇਖੋ, ਗਰੀਬ ਬੱਚਿਆਂ ਨੂੰ ਉੱਚ ਸਿੱਖਿਆ ਲਈ ਲੋਨ ਦੀ ਜਰੂਰਤ ਪੈਂਦੀ ਹੈ। ਇੱਥੇ ਸਿੱਖਿਆ ਕਰਜ਼ ਤਾਂ ਘੱਟੋ ਘੱਟ ੧੨ ਫੀਸਦੀ ਵਿਆਜ਼ 'ਤੇ ਮਿਲਦਾ ਹੈ ਪਰ ਜੇਕਰ ਐਸ਼ੋ ਇਸ਼ਰਤ ਵਾਸਤੇ ਕਾਰ ਲੋਨ ਲੈਣਾ ਹੋਵੇ ਤਾਂ ਇਹ ਸਿਰਫ ੫ ਤੋਂ ੮ ਫੀਸਦੀ ਵਿਆਜ਼ 'ਤੇ ਵੀ ਉਪਲਬਧ ਹੈ, ਹੈ ਨਾ ਮੇਰੇ ਭਾਰਤ ਮਹਾਨ ਦੀ ਖਾਸ ਪ੍ਰਾਪਤੀ। ਗਰੀਬਾਂ ਲਈ ਪੜ੍ਹਾਈ ਲਈ ਕਰਜ਼ ਦਾ ਵਿਆਜ਼ ਐਸ਼ੋ ਇਸ਼ਰਤ ਲਈ ਲਏ ਕਰਜ਼ ਤੋਂ ੩ ਗੁਣਾ ਜ਼ਿਆਦਾ। ਹੋਰ ਦੇਖੋ, ਥੋੜ੍ਹੀ ਜਿਹੀ ਮਹਿੰਗਾਈ ਦਰ ਵੱਧ ਜਾਵੇ ਤਾਂ ਝੱਟ ਰਿਜ਼ਰਵ ਬੈਂਕ ਰੈਪੋ ਰੇਟ ਤੇ ਹੋਰ ਰੇਟ ਵਧਾ ਦਿੰਦਾ ਹੈ ਤੇ ਨਾਲ ਹੀ ਕਰਜ਼ ਦਾ ਵਿਆਜ਼ ਵੀ ਵੱਧ ਜਾਂਦਾ ਹੈ ਪਰ ਕਾਰ ਲੋਨ ਜਾਂ ਹੋਰ ਕਈ ਤਰ੍ਹਾਂ ਦੇ ਐਸ਼ੋ ਇਸ਼ਰਤ ਵਾਲੇ ਕਰਜ਼ਿਆਂ ਦੇ ਰੇਟ ਨਹੀਂ ਵਧੱਦੇ ਜਾਂ ਇਹ ਕਹਿ ਲਵੋ ਕਿ ਕਾਰਾਂ ਵੇਚਣ ਵਾਲਿਆਂ 'ਤੇ ਰਿਜ਼ਰਵ ਬੈਂਕ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ।
         ਇੱਕ ਰਾਸ਼ਟਰ, ਜਿੱਥੇ ਆਈ ਪੀ ਐਲ ਮੈਚਾਂ ਲਈ ਕ੍ਰਿਕਟ ਖਿਡਾਰੀਆਂ ਦੀ ੩੩ ਸੌ ਕਰੋੜ ਰੁਪੈ ਦੀ ਬੋਲੀ ਲੱਗੀ, ਹੋਰ ਕਰੋੜਾਂ ਰੁਪੈ ਪਾਣੀ ਵਾਂਗ ਰੋੜ੍ਹ ਦਿੱਤੇ ਪਰ ਦੂਜੇ ਪਾਸੇ ਕਰੋੜਾਂ ਲੋਕ ਭੁੱਖੇ ਅਣਆਈ ਮੌਤ ਮਰ ਰਹੇ ਹਨ ਉਨ੍ਹਾਂ ਲਈ ਇੱਕ ਪੈਸਾ ਵੀ ਇਸ ਪੈਸੇ ਵਿੱਚੋਂ ਨਹੀਂ ਲੱਗਿਆ। ਕਰੋੜਾਂ ਦਾ ਅਨਾਜ ਸਟੋਰਾਂ ਵਿੱਚ ਸੜ ਰਿਹਾ ਹੈ ਤੇ ਪਿਛਲੇ ਸਮੇਂ 'ਚ ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਇਸਦਾ ਨੋਟਿਸ ਲੈ ਕੇ ਸਰਕਾਰ ਨੂੰ ਇਹ ਅਨਾਜ ਲੋੜਵੰਦਾਂ ਵਿੱਚ ਵੰਡਣ ਲਈ ਕਹਿਣਾ ਪਿਆ, ਪਰ ਦੇਖੋ ਹਾਲੇ ਵੀ ਸਰਕਾਰ ਨੇ ਕੁੱਝ ਨਹੀਂ ਕੀਤਾ। ਦੂਜੇ ਪਾਸੇ ਪੈਟਰੋਲੀਅਮ ਕੰਪਨੀਆਂ ਦੇ ਘਾਟੇ ਨੂੰ ਪੂਰਨ ਦਾ ਜ਼ਿਆਦਾ ਫਿਕਰ ਸਰਕਾਰ ਨੂੰ ਲੱਗਾ ਹੋਇਆ ਹੈ ਤੇ ਪੈਟਰੋਲ ਦੇ ਰੇਟ ਵਧਾ ਰਹੀ ਹੈ। ਸਾਡੀ ਸਰਕਾਰ ਦਾ ਵੀ ਕਮਾਲ ਦੇਖੋ ਜਦ ਅੰਤਰ ਰਾਸ਼ਟਰੀ ਕੱਚੇ ਤੇਲ ਦਾ ਭਾਅ ੧੨੦ ਅਮਰੀਕੀ ਡਾਲਰ ਸੀ ਤਾਂ ਪੈਟਰੋਲ ਦਾ ਭਾਅ ੪੭ ਰੁਪੈ ਸੀ ਤੇ ਹੁਣ ਜਦ ਅੰਤਰ ਰਾਸ਼ਟਰੀ ਕੱਚੇ ਤੇਲ ਦਾ ਭਾਅ ੯੮ ਅਮਰੀਕੀ ਡਾਲਰ ਹੈ ਤਾਂ ਪੈਟਰੋਲ ਦਾ ਭਾਅ ੭੫ ਰੁਪੈ ਫੀ ਲਿਟਰ ਹੈ ਪਰ ਹਾਲੇ ਵੀ ਕੰਪਨੀਆਂ ਨੂੰ ਕਰੋੜਾਂ ਰੁਪੈ ਘਾਟਾ ਦਿਖਾਇਆ ਜਾ ਰਿਹਾ ਹੈ ਜਦਕਿ ਇਹੀ ਕੰਪਨੀਆਂ ਆਪਣੀਆਂ ਰਿਟਰਨਾਂ ਅਤੇ ਬੈਲੈਂਸ ਸ਼ੀਟਾਂ ਵਿੱਚ ਕਰੋੜਾਂ ਰੁਪੈ ਦਾ ਮੁਨਾਫਾ ਦਿਖਾ ਰਹੀਆਂ ਹਨ। ਇਹ ਅੰਕੜੇ ਭਾਰਤ ਵਰਗੇ ਮਹਾਨ ਦੇਸ਼ ਵਿੱਚ ਹੀ ਵੱਖ ਵੱਖ ਹੋ ਸਕਦੇ ਹਨ।
            ਵਿਸ਼ਵ ਸਿਹਤ ਸੰਸਥਾ ਲੋਕਾਂ ਦੀ ਸਿਹਤ ਨਾਲ ਸਬੰਧਤ ਬਹੁਤ ਸਾਰੇ ਪ੍ਰੋਗਰਾਮ ਵੱਖ ਵੱਖ ਦੇਸ਼ਾਂ ਨੂੰ ਦਿੰਦੀ ਹੈ ਤੇ ਨਾਲ ਇਹ ਪ੍ਰੋਗਰਾਮ ਲਾਗੂ ਕਰਨ ਲਈ ਵਿੱਤੀ ਸਹਾਇਤਾ ਵੀ ਦਿੰਦੀ ਹੈ ਪਰ ਇੱਕ ਗੱਲ ਕਿਤਨੀ ਹਾਸੋਹੀਣੀ ਹੈ ਕਿ ਲੋਕਾਂ ਦੀ ਸਿਹਤ ਨਾਲ ਸਬੰਧਤ ਸਬਜ਼ੀਆਂ, ਫਲ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਤਾਂ ਗੰਦੇ ਮੰਦੇ ਥਾਵਾਂ 'ਤੇ ਭੀੜ ਭੜ੍ਹਕੇ ਵਾਲੀਆਂ ਮੰਡੀਆਂ 'ਚ ਚਿੱਕੜ ਵਾਲੀਆਂ ਸਬਜ਼ੀ ਮੰਡੀਆਂ ਵਿੱਚ ਅਤੇ ਫੁੱਟ ਪਾਥਾਂ 'ਤੇ ਵਿਕਦੀਆਂ ਹਨ ਜਦਕਿ ਦੂਸਰੇ ਪਾਸੇ ਜੁੱਤੇ ਤੇ ਕੱਪੜੇ ਵਾਤਾਅਨਕੂਲਿਤ ਹਾਲ (ਏ.ਸੀ. ਸ਼ੋਅ ਰੂਮ) ਵਿੱਚ ਵਿਕਦੇ ਹਨ। ਇਸਦਾ ਕਦੇ ਵੀ ਕਿਸੇ ਸਿਹਤ ਸੰਸਥਾ ਜਾਂ ਮੰਤਰਾਲੇ ਨੇ ਨੋਟਿਸ ਨਹੀਂ ਲਿਆ।
        ਅਕਸਰ ਬਾਹਰਲੇ ਦੇਸ਼ਾਂ ਦੇ ਲੋਕਾਂ ਦੇ ਨਾਮ ਦੁਨੀਆਂ ਭਰ ਵਿੱਚ ਕੋਈ ਚੰਗਾ ਕੰਮ ਕਰਕੇ ਮਸ਼ਹੂਰ ਹੋਇਆ ਹੁੰਦਾ ਹੈ ਜਾਂ ਕੋਈ ਨਵੀਂ ਕਾਢ ਕੱਢਕੇ, ਕੋਈ ਨਵੀਂ ਦਵਾਈ ਬਣਾਕੇ ਜਾਂ ਕੋਈ ਨਵੀਂ ਮਸ਼ੀਨ ਬਣਾਕੇ ਪਰ ਭਾਰਤੀਆਂ ਦੇ ਨਾਮ ਮਸ਼ਹੂਰ ਹਨ, ਕਤਲ ਲੁੱਟ ਖੋਹ ਕਰਕੇ ਜਾਂ ਵੱਡੇ ਵੱਡੇ ਘਪਲੇ ਕਰਕੇ ਜਾਂ ਕਿਸੇ ਵੀ ਹੋਰ ਸਮਾਜ ਵਿਰੋਧੀ ਕਾਰੇ ਕਰਕੇ। ਇੱਥੋਂ ਦੇ ਨੇਤਾ ਲੋਕਾਂ ਦੀ ਸੇਵਾ ਕਰਨ ਦੇ ਬਹਾਨੇ ਲੋਕਾਂ ਤੋਂ ਫੰਡ ਲੈਂਦੇ ਹਨ ਤੇ ਵਿਧਾਇਕ ਜਾਂ ਸੰਸਦ ਮੈਂਬਰ ਬਣ ਜਾਂਦੇ ਹਨ ਬਾਅਦ ਵਿੱਚ ਉਨ੍ਹਾਂ ਲੋਕਾਂ ਦੀ 'ਸੇਵਾ' ਕਰਦੇ ਕਰਦੇ ਸਰਕਾਰੀ ਖਜਾਨੇ ਤੋਂ ਤਨਖਾਹ ਸਮੇਤ ਮੋਟੇ ਮੋਟੇ ਫਾਇਦੇ ਤੇ ਹੋਰ ਗਰਾਂਟਾਂ ਦੇ ਗੱਫੇ ਵੀ ਲੈਂਦੇ ਹਨ। ਹੈ ਨਾ ਮੇਰਾ ਭਾਰਤ ਮਹਾਨ, ਪਹਿਲਾਂ ਉਸਨੂੰ ਵਿਧਾਇਕ ਜਾਂ ਸੰਸਦ ਮੈਂਬਰ ਬਣਨ ਲਈ ਫੰਡ ਦਿੱਤਾ ਤੇ ਬਾਅਦ ਵਿੱਚ ਖਜਾਨਾ ਲੁੱਟਣ ਦੀ ਖੁਲ੍ਹ।
             ਤੁਸੀਂ ਕਹੋਗੇ ਕਿ ਇਹ ਮੰਤਰੀਆਂ ਤੇ ਐਮ.ਐਲ.ਏਆਂ ਦੇ ਪਿੱਛੇ ਹੀ ਪਿਆ ਰਹਿੰਦਾ ਹੈ ਤੇ ਹੋਰ ਕਿਸੇ ਗੱਲ ਹੀ ਨਹੀਂ ਕਰਦਾ, ਆਓ ਹੁਣ ਆਪਣੀ ਗੱਲ ਵੀ ਕਰੀਏ, ਅਸੀਂ ਹਰ ਰੋਜ਼ ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਕਰਦੇ ਨਹੀਂ ਥੱਕਦੇ ਤੇ ਕਈ ਵਾਰ ਤਾਂ ਕਹਿ ਦਿੰਦੇ ਹਾਂ ਕਿ ਇਹ ਭ੍ਰਿਸ਼ਟਾਚਾਰ ਕਰਨ ਵਾਲੇ ਲੋਕਾਂ ਨੂੰ ਇੱਕ ਲਾਈਨ ਵਿੱਚ ਖੜ੍ਹੇ ਕਰਕੇ ਗੋਲੀ ਮਾਰ ਦਿਓ, ਕੋਈ ਕਹਿ ਦਿੰਦਾ ਹੈ ਕਿ ਫਾਂਸੀ ਲਾ ਦਿਓ ਪਰ ਜਦ ਅਸੀਂ ਵੀ ਕਦੇ ਲਾਲ ਬੱਤੀ ਪਾਰ ਕਰ ਜਾਈਏ ਜਾਂ ਕਦੇ ਗਲਤ ਸਾਈਡ ਤੋਂ ਗੱਡੀ ਕੱਢ ਲਈਏ ਜਾਂ ਕੋਈ ਵੀ ਹੋਰ ਗਲਤੀ ਕਰ ਲਈਏ ਤੇ ਟ੍ਰੈਫਿਕ ਕਰਮਚਾਰੀ ਸਾਡਾ ਚਲਾਣ ਕੱਟਣ ਲਈ ਤਿਆਰ ਖੜ੍ਹਾ ਹੋਵੇ ਤਾਂ ਅਸੀਂ ਵੀ ਝੱਟ ਉਸਦੀ ਜੇਬ ਵਿੱਚ 'ਨੋਟ' ਪਾਉਣ ਦੀ ਕਰਦੇ ਹਾਂ ਤੇ ਭ੍ਰਿਸ਼ਟਾਚਾਰ ਵਾਲਾ ਪਾਠ ਭੁੱਲ ਜਾਂਦੇ ਹਾਂ। ਇਹ ਤਾਂ ਇੱਕ ਇੱਕ ਉਦਾਹਰਣ ਦੇ ਕੇ ਥੋੜ੍ਹਾ ਜਿਹਾ ਚਾਨਣ ਹੀ ਕੀਤਾ ਹੈ ਪਰ ਇਹ ਘਟਨਾਵਾਂ ਹਰ ਖੇਤਰ, ਹਰ ਗਲੀ ਮੋੜ, ਹਰ ਦਫਤਰ, ਗੱਲ ਕੀ ਹਰ ਘਰ ਵਿੱਚ ਵੀ ਹੋ ਰਹੀਆਂ ਹਨ, ਮੇਰਾ ਖਿਆਲ ਹੈ ਜ਼ਿਆਦਾ ਖੁਲਾਸਾ ਕਰਨ ਦੀ ਜਰੂਰਤ ਨਹੀਂ, ਸਾਡੀਆਂ ਕਰਤੂਤਾਂ ਸਭ ਦੁਨੀਆਂ ਜਾਣਦੀ ਹੈ।

No comments:

Post a Comment