Tuesday 6 March 2012

ਪ੍ਰੇਮੀਆਂ ਦਾ ਕਿਲ੍ਹਾ ਢਹਿ ਢੇਰੀ ਡੇਰਾ ਸਿਰਸਾ ਦੀ ਰਾਜਨੀਤਿਕ ਖੇਡ ਖਤਮ

ਨਹੀਂ ਚੱਲਿਆ ਡੇਰੇ ਦਾ ਜਾਦੂ
ਪ੍ਰੇਮੀਆਂ ਦਾ ਕਿਲ੍ਹਾ ਢਹਿ ਢੇਰੀ
ਡੇਰਾ ਸਿਰਸਾ ਦੀ ਰਾਜਨੀਤਿਕ ਖੇਡ ਖਤਮ

ਬਠਿੰਡਾ, ੬ ਮਾਰਚ (ਏ.ਐਸ. ਤੁੰਗਵਾਲੀ) : ਪਿਛਲੇ ਕਾਫੀ ਚਿਰ ਤੋਂ ਪ੍ਰੇਮੀਆਂ ਅਤੇ ਸਿਆਸਤਦਾਨਾਂ ਦਾ ਭਰਮ ਇਸ ਵਾਰ ਟੁੱਟ ਗਿਆ ਹੈ ਤੇ ਇਸ ਨਾਲ ਜਿੱਥੇ ਪ੍ਰੇਮੀਆਂ ਦੇ ਭਰਮ ਦਾ ਕਿਲ੍ਹਾ ਢਹਿ ਢੇਰੀ ਹੋਇਆ ਹੈ ਉੱਥੇ ਕਈ ਸਿਆਸਤਦਾਨਾਂ ਦਾ ਧੌਣ ਦਾ ਕਿੱਲਾ ਵੀ ਨਿਕਲ ਗਿਆ ਹੈ। ਪ੍ਰੇਮੀਆਂ ਦੁਆਰਾ ਹਰ ਵਾਰ ਜਿੱਤ ਹਾਰ ਦਾ ਸਿਹਰਾ ਆਪਣੇ ਸਿਰ ਲੈਣ ਨਾਲ ਜਿੱਥੇ ਆਮ ਵੋਟਰ ਪ੍ਰੇਸ਼ਾਨ ਸੀ ਉੱਥੇ ਹੀ ਕਈ ਕਹਿੰਦੇ ਕਹਾਉਂਦੇ ਲੀਡਰ ਵੀ ਡੇਰੇ ਦੀ ਅਧੀਨਗੀ ਕਬੂਲ ਕਰ ਰਹੇ ਸਨ ਤੇ ਵਿੰਗ ਟੇਢ ਕਰਕੇ ਡੇਰੇ ਸਮੱਰਥਕਾਂ ਰਾਹੀਂ ਡੇਰੇ ਦੇ ਰਾਜਸੀ ਵਿੰਗ ਤੱਕ ਪਹੁੰਚ ਬਣਾਉਣ ਲਈ ਤਰਲੋਮੱਛੀ ਹੋਏ ਸਨ ਤੇ ਕਈਆਂ ਨੇ ਆਪਣੀਆਂ ਜ਼ਮੀਰਾਂ ਤੱਕ ਵੇਚ ਦਿੱਤੀਆਂ ਸਨ। ਅਜਿਹੀ ਸਥਿਤੀ ਬਣ ਗਈ ਸੀ ਕਿ ਵੱਡੇ ਤੋਂ ਵੱਡੇ ਲੀਡਰ ਨੂੰ ਆਮ ਪ੍ਰੇਮੀ ਵੀ ਟਿੱਚ ਸਮਝਣ ਲੱਗ ਪਏ ਸਨ ਤੇ ਹਰ ਡੇਰਾ ਪੈਰੋਕਾਰ ਆਪਣੇ ਆਪ ਨੂੰ ਨਾਢੂ ਖਾਂ ਸਮਝਣ ਲੱਗ ਪਿਆ ਸੀ। ਵੋਟਾਂ ਪੈਣ ਤੋਂ ਪਹਿਲਾਂ ਤਾਂ ਹਾਲਤ ਇਹ ਬਣ ਗਈ ਸੀ ਕਿ ਕਾਂਗਰਸੀ ਉਮੀਦਵਾਰਾਂ ਦੇ ਨਾਲ ਨਾਲ ਪੰਥਕ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪੜ੍ਹੇ ਲਿਖੇ ਤੇ ਨੌਕਰੀਆਂ ਛੱਡ ਕੇ ਕੁਰਸੀ ਦਾ ਨਿੱਘ ਮਾਨਣ ਲਈ ਰਾਜਨੀਤਿਕ ਮੈਦਾਨ ਵਿੱਚ ਉੱਤਰੇ ਉਮੀਦਵਾਰ ਵੀ ਡੇਰੇ ਵਿੱਚ ਪਹੁੰਚ ਕਰਵਾਉਣ ਲਈ ਅਣਪੜ੍ਹ ਪ੍ਰੇਮੀਆਂ ਦੇ ਪੈਰੀਂ ਹੱਥ ਲਾਉਂਦੇ ਰਹੇ। ਇਨ੍ਹਾਂ ਪ੍ਰੇਮੀਆਂ ਨੇ ਸਾਰੇ ਹੀ ਉਮੀਦਵਾਰਾਂ ਨੂੰ ਖੂਬ ਬੇਵਕੂਫ ਬਣਾਇਆ ਕਿਉਂਕਿ ਇਹਨਾਂ ਪ੍ਰੇਮੀਆਂ ਦਾ ਟੋਲਾ ਇਕੱਠਾ ਹੋ ਕੇ ਜਿਸ ਵੀ ਉਮੀਦਵਾਰ ਕੋਲ ਜਾਂਦਾ ਤੇ ਉਸਨੂੰ ਕਹਿੰਦਾ ਕਿ ਉਨ੍ਹਾਂ ਨੂੰ ਆਪਣਾ 'ਬਾਇਓਡਾਟਾ' ਦੇਣ ਤੇ ਉਹ ਡੇਰੇ ਦੇ ਰਾਜਨੀਤਿਕ ਵਿੰਗ ਨੂੰ ਆਪਣੀ 'ਸਿਫਾਰਿਸ਼' ਨਾਲ ਲਾ ਕੇ ਭੇਜਣਗੇ। ਤੇ ਡੇਰੇ ਵਿੱਚੋਂ ਤੁਹਾਡੀ ਹਮਾਇਤ ਦੀ ਸਿਫਾਰਿਸ਼ ਹੋ ਜਾਵੇਗੀ। ਉਮੀਦਵਾਰ ਕਿਉਂਕਿ ਡੇਰੇ ਬਾਰੇ ਕੁੱਝ ਨਹੀਂ ਜਾਣਦੇ ਸਨ ਇਸ ਲਈ ਇਨ੍ਹਾਂ ਪ੍ਰੇਮੀਆਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੇ ਤੇ ਆਪਣਾ 'ਬਾਇਓਡਾਟਾ' ਇਨ੍ਹਾਂ ਨੂੰ ਦੇ ਦਿੰਦੇ ਤੇ ਉੱਠ ਦੇ ਬੁਲ੍ਹ ਡਿੱਗਣ ਵਾਂਗ ਆਪਣੀ 'ਹਮਾਇਤ' ਦੀ ਉਡੀਕ ਕਰਦੇ ਰਹਿੰਦੇ। ਸਕੀਮ ਇਹੀ ਸੀ ਕਿ ਜਿਹੜਾ ਉਮੀਦਵਾਰ ਜਿੱਤ ਗਿਆ ਉਸੇ ਨੂੰ ਹੀ ਹਮਾਇਤ ਦੇਣ ਦੀ ਗੱਲ ਕਹਿ ਦੇਣੀ। ਪਰ ਕਈ ਵੱਡੇ ਕਿਲ੍ਹੇ (ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜਿਹੜਾ ਕਿ ਡੇਰਾ ਸਿਰਸਾ  ਮੁਖੀ ਗੁਰਮੀਤ ਰਾਮ ਦਾ ਕੁੜਮ ਹੈ, ਤਲਵੰਡੀ ਸਾਬੋ ਤੋਂ ਅਮਰਜਤਿ ਸਿੰਘ ਸਿੱਧੂ ਜਿਸਨੂੰ ਡੇਰੇ ਦੇ ਹਰ ਅਹੁਦੇਦਾਰ ਨੇ ਹਮਾਇਤ ਦਾ ਲਾਲੀਪੌਪ ਦਿਖਾਇਆ ਸੀ ਪਰ ਦੋਨੋਂ ਬੁਰੀ ਤਰ੍ਹਾਂ ਹਾਰ ਗਏ) ਢਹਿ ਜਾਣ ਨਾਲ ਪ੍ਰੇਮੀਆਂ ਦਾ ਅੰਦਰਲਾ ਸੱਚ ਸਾਹਮਣੇ ਆ ਗਿਆ ਹੈ ਤੇ ਹੁਣ ਉਨ੍ਹਾਂ ਦੀ ਪੋਲ ਖੁਲ੍ਹ ਗਈ ਹੈ। ਕਈ ਸੱਜਣਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਵੀ ਕਿਹਾ ਕਿ ਹੁਣ ਡੇਰੇ ਦਾ ਰਾਜਨੀਤਿਕ ਭਵਿੱਖ ਖਤਮ ਸਮਝੋ ਤੇ ਅੱਗੋਂ ਆਮ ਲੋਕ ਵੀ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਹੁਣ ਲੋਕ ਇਹ ਵੀ ਉਮੀਦ ਕਰ ਰਹੇ ਹਨ ਕਿ ਜਿਸ ਤਰ੍ਹਾਂ ਡੇਰਾ ਪ੍ਰੇਮੀਆਂ ਦੀ ਇਹ ਖੇਡ ਖਤਮ ਹੋ ਗਈ ਹੈ ਇਸੇ ਤਰ੍ਹਾਂ ਅੱਗੋਂ ਪੰਜਾਬ ਦੇ ਲੋਕਾਂ ਅੰਦਰ ਪ੍ਰੇਮੀ ਸਿੱਖ ਜ਼ਹਿਰ ਵੀ ਜਲਦ ਖਤਮ ਹੋ ਜਾਵੇਗਾ ਤੇ ਲੋਕ ਜਲਦੀ ਇਸ ਮਨ ਮੁਟਾਵ ਨੂੰ ਭੁੱਲ ਕੇ ਆਮ ਜਨਜੀਵਨ ਜਿਉਣ ਲੱਗਣਗੇ।

No comments:

Post a Comment