Sunday 4 March 2012

ਅਮਰ ਸ਼ਹੀਦਾਂ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦੀ ਪਾਵਨ ਧਰਤੀ ਬੁੱਢਾ ਜੌਹੜ ਨਿਸ਼ਕਾਮ ਪ੍ਰਚਾਰਕ ਪੈਦਾ ਕਰ ਰਹੀ ਹੈ ਨਿਧੱੜਕ ਪ੍ਰਚਾਰਕ ਭਾਈ ਤਿਰਲੋਕ ਸਿੰਘ

ਅਮਰ ਸ਼ਹੀਦਾਂ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਦੀ ਪਾਵਨ ਧਰਤੀ ਬੁੱਢਾ ਜੌਹੜ ਨਿਸ਼ਕਾਮ ਪ੍ਰਚਾਰਕ ਪੈਦਾ ਕਰ ਰਹੀ ਹੈ
ਨਿਧੱੜਕ ਪ੍ਰਚਾਰਕ ਭਾਈ ਤਿਰਲੋਕ ਸਿੰਘ

 ਬੁੱਢਾ ਜੌਹੜ ਦੇ ਨਾਮ ਤੋਂ ਭਲਾ ਕੌਣ ਜਾਣੂ ਨਹੀਂ ਹੈ? ਇਹ ਉਹ ਪਾਵਨ ਅਸਥਾਨ ਹੈ ਜਿੱਥੋਂ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਚੌਧਰੀ ਮੱਸੇ ਰੰਘੜ ਦੀਆਂ ਕਾਲੀਆਂ ਕਰਤੂਤਾਂ ਬਾਰੇ ਸੁਣਨ ਤੋਂ ਬਾਅਦ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸਨ ਤੇ ਮੱਸੇ ਰੰਘੜ ਦਾ ਸਿਰ ਵੱਢ ਕੇ ਸਿੱਖ ਪੰਥ ਦੇ ਚਰਨਾਂ ਵਿੱਚ ਲਿਜਾ ਸੁੱਟਿਆ ਸੀ।
 ਸੰਨ ੧੭੪੦ ਵਿੱਚ ਜਕਰੀਆ ਖਾਨ ਨੇ ਮੱਸੇ ਰੰਘੜ ਨੂੰ ਜੰਡਿਆਲੇ ਦਾ ਚੌਧਰੀ ਨਿਯੁਕਤ ਕਰ ਦਿੱਤਾ। ਆਪਣੀ ਹੈਂਕੜ ਅਤੇ ਜਕਰੀਆ ਖਾਨ ਨੂੰ ਖੁਸ਼ ਕਰਨ ਲਈ ਮੱਸੇ ਨੇ ਦਰਬਾਰ ਸਾਹਿਬ ਵਿਖੇ ਸ਼ਰਾਬ ਅਤੇ ਤੰਬਾਕੂ ਦੇ ਖੁਲ੍ਹੇ ਦੌਰ ਚਲਾਏ ਤੇ ਕੰਜਰੀਆਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਤੇ ਖਿੰਡੇ ਪੁੰਡੇ ਖਾਲਸਾ ਪੰਥ ਵਿੱਚ ਮੱਸੇ ਖਿਲਾਫ਼ ਗੁੱਸੇ ਦੀ ਲਹਿਰ ਦੌੜ ਗਈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚਿਆ। ਜਿੱਥੇ ਉਸਨੇ ਸਿੱਖਾਂ ਨੂੰ ਇਹ ਖਬਰ ਦੁਖੀ ਹਿਰਦੇ ਨਾਲ ਰੋਂਦਿਆਂ ਹੋਇਆਂ ਸੁਣਾਈ। ਇਹ ਸੁਣ ਕੇ ਜਿੱਥੇ ਨੌਜਵਾਨਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ ਉੱਥੇ ਹੀ ਮੱਸੇ ਰੰਘੜ ਦੀ ਜਲਦੀ ਖਲਾਸੀ ਕਰਵਾਉਣ ਲਈ ਵਿਉਂਤਬੰਦੀ ਵੀ ਕੀਤੀ ਜਾਣ ਲੱਗੀ ਜਿਸ ਤਹਿਤ ਸਿੱਖਾਂ ਦੇ ਉੱਥੋਂ ਦੇ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ 'ਹੈ ਕੋਈ ਜੋ ਮੱਸੇ ਰੰਘੜ ਨੂੰ ਪਾਰ ਬੁਲਾ ਸਕੇ ਤੇ ਹਰਮਿੰਦਰ ਸਾਹਿਬ ਨੂੰ ਬਚਾ ਸਕੇ? ਇਸ 'ਤੇ ਮੀਰਾਂਕੋਟ ਦਾ ਭਾਈ ਮਹਿਤਾਬ ਸਿੰਘ ਅਤੇ ਮਾੜੀ ਕੰਬੋ ਕੀ ਦਾ ਭਾਈ ਸੁੱਖਾ ਸਿੰਘ ਖੜ੍ਹੇ ਹੋ ਗਏ ਤੇ ਉਨ੍ਹਾਂ ਖੁਲ੍ਹੇਆਮ ਐਲਾਨ ਕੀਤਾ ਕਿ ਉਹ ਮੱਸੇ ਨੂੰ ਸੋਧਾ ਲਾਉਣਗੇ ਨਹੀਂ ਤਾਂ ਉਹ ਸ਼ਹੀਦੀਆਂ ਪਾ ਜਾਣਗੇ ਪਰ ਵਾਪਸ ਨਹੀਂ ਆਉਣਗੇ। ਅਗਲੀ ਸਵੇਰ ੧੧ ਅਗਸਤ ੧੭੪੦ ਨੂੰ ਦੋਨੋਂ ਸਿੰਘਾਂ ਨੇ ਦਮਦਮਾ ਸਾਹਿਬ ਲਈ ਚੱਲ ਪਏ ਤੇ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈ ਕੇ ਅੰਮ੍ਰਿਤਸਰ ਲਈ ਚਾਲੇ ਪਾ ਦਿੱਤੇ। ਉਨ੍ਹਾਂ ਨੇ ਪੱਟੀ ਦੇ ਮੁਸਲਮਾਨ ਬਣ ਪਠਾਣੀ ਭੇਸ ਧਾਰ ਲਏ ਤੇ ਠੀਕਰੀਆਂ ਦੀਆਂ ਬਗਲੀਆਂ ਭਰ ਲਈਆਂ ਜਿਸ ਨਾਲ ਦੁਸ਼ਮਣ ਨੂੰ ਕੋਲ ਮੋਹਰਾਂ ਅਤੇ ਸਿੱਕੇ ਹੋਣ ਦਾ ਭੁਲੇਖਾ ਪਾਇਆ ਜਾ ਸਕੇ ਤੇ ਸੁਰੱਖਿਆ ਸਿਪਾਹੀ ਉਨ੍ਹਾਂ ਨੂੰ ਮਾਮਲਾ ਤਾਰਨ ਆਏ ਜਗੀਰਦਾਰ ਸਮਝ ਲੈਣ। ਉਨ੍ਹਾਂ ਨੇ ਆਪਣੇ ਵਾਲ ਖੋਲ੍ਹਕੇ ਪਿੱਛੇ ਨੂੰ ਸੁੱਟ ਲਏ। ਆਪਣੇ ਘੋੜੇ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੇਰੀ ਨਾਲ ਬੰਨ੍ਹ ਦਿੱਤੇ ਤੇ ਸਿਪਾਹੀਆਂ ਨੂੰ ਠੀਕਰੀਆਂ ਖੜਕਾ ਕੇ ਮਾਮਲਾ ਤਾਰਨ ਲਈ ਮੱਸੇ ਕੋਲ ਜਾਣ ਲਈ ਕਿਹਾ। ਉਨ੍ਹਾਂ ਮੱਸੇ ਕੋਲ ਜਾ ਕੇ ਦੇਖਿਆ ਕਿ ਉਹ ਹੁੱਕਾ ਪੀ ਰਿਹਾ ਸੀ, ਕੋਲ ਸ਼ਰਾਬ ਦੀਆਂ ਬੋਤਲਾਂ ਖੁਲ੍ਹੀਆਂ ਪਈਆਂ ਸਨ, ਉਹ ਨਸ਼ੇ ਵਿੱਚ ਸਰਾਬੋਰ ਸੀ ਤੇ ਉਸਦੇ ਸਾਹਮਣੇ ਅਰਧ ਨਗਨ ਲੜਕੀਆਂ ਡਾਂਸ ਕਰ ਰਹੀਆਂ ਹਨ। ਦੋਨੋਂ ਸਿੰਘਾਂ ਨੇ ਸਬਰ ਤੋਂ ਕੰਮ ਲੈਂਦਿਆਂ ਮੱਸੇ ਨੂੰ ਗੁਪਤ ਗੱਲ ਕਰਨ ਅਤੇ ਕੋਈ ਗੁੱਝਾ ਭੇਤ ਦੱਸਣ ਲਈ ਅੰਦਰ ਜਾਣ ਲਈ ਕਿਹਾ ਜਿਸਤੇ ਮੱਸਾ ਰੰਘੜ ਅੰਦਰ ਚਲਾ ਗਿਆ। ਸੁੱਖਾ ਸਿੰਘ ਨੇ ਸਿਪਾਹੀਆਂ ਨੂੰ ਗੱਲੀ ਬਾਤੀਂ ਲਾਇਆ ਤੇ ਮਹਿਤਾਬ ਸਿੰਘ ਨੇ ਅੱਖ ਦੇ ਫੋਰ 'ਚ ਮੱਸੇ ਦਾ ਸਿਰ ਕਲਮ ਕਰਕੇ ਠੀਕਰੀਆਂ ਉੱਥੇ ਢੇਰੀ ਕਰ ਦਿੱਤੀਆਂ ਤੇ ਮੱਸੇ ਤਾ ਸਿਰ ਬਗਲੀ ਵਿੱਚ ਪਾ ਲਿਆ ਤੇ ਦੋਨੋਂ ਸਿੰਘ ਬਾਹਰ ਆ ਗਏ ਤੇ ਆਪਣੇ ਘੋੜੇ ਲੈ ਕੇ ਹਵਾ ਨਾਲ ਗੱਲਾਂ ਕਰਨ ਲੱਗੇ। ਸ਼ਾਹੀ ਫੌਜਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਜਦ ਕਾਫੀ ਸਮਾਂ ਮੱਸਾ ਬਾਹਰ ਨਾ ਆਇਆ। ਉਦੋਂ ਤੱਕ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਬਹੁਤ ਦੂਰ ਨਿਕਲ ਚੁੱਕੇ ਸਨ। ਦੋਨੋਂ ਸਿੰਘ ਮੱਸੇ ਦਾ ਸਿਰ ਲੈ ਕੇ ਪਹਿਲਾਂ ਦਮਦਮਾ ਸਾਹਿਬ ਆਏ ਤੇ ਅਗਲੇ ਦਿਨ ਬੀਕਾਨੇਰ (ਬੁੱਢਾ ਜੌਹੜ) ਵਿਖੇ ਮੱਸੇ ਰੰਘੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਜਾ ਸੁੱਟਿਆ। ਉਸ ਸਮੇਂ ਭਾਈ ਸੁੱਖਾ ਸਿੰਘ ਅਜੇ ਕੁਆਰਾ ਹੀ ਸੀ ਜਦਕਿ ਮਹਿਤਾਬ ਸਿੰਘ ਦੀ ਪਤਨੀ ਅਤੇ ਇੱਕ ਲੜਕਾ ਉਨ੍ਹਾਂ ਦੇ ਪਿੰਡ ਮੀਰਾਂਕੋਟ ਵਿਖੇ ਹੀ ਰਹਿੰਦੇ ਸਨ ਜੋ ਅੰਮ੍ਰਿਤਸਰ ਤੋਂ ਮਹਿਜ਼ ੮ ਕਿਲੋਮੀਟਰ ਦੂਰ ਸੀ।
         ਜਦ ਸ਼ਾਹੀ ਫੌਜਾਂ ਵਿੱਚ ਖਲਬਲੀ ਮੱਚੀ ਤਾਂ ਉਨ੍ਹਾਂ ਭਾਈ ਮਹਿਤਾਬ ਸਿੰਘ ਦੇ ਲੜਕੇ ਰਾਏ ਸਿੰਘ ਨੂੰ ਕੋਹ ਕੋਹ ਕੇ ਤਸੀਹੇ ਦਿੱਤੇ ਅਤੇ ਉਸਨੂੰ ਮਰਨ ਲਈ ਖੁੱਲ੍ਹੇ ਅਸਮਾਨ ਹੇਠ ਛੱਡ ਦਿੱਤਾ ਪਰ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਬਾਅਦ ਵਿੱਚ ਉਹ ਨੌਂ ਬਰ ਨੌਂ ਹੋ ਗਿਆ। ਬਾਅਦ ਵਿੱਚ ਰਾਏ ਸਿੰਘ ਦੇ ਲੜਕੇ ਰਤਨ ਸਿੰਘ ਭੰਗੂ ਵੀ ਬਹੁਤ ਵੱਡੇ ਵਿਦਵਾਨ ਹੋਏ ਤੇ ਉਨ੍ਹਾਂ ਪੰਥ ਪ੍ਰਕਾਸ਼ ਗ੍ਰੰਥ ਲਿਖਿਆ।
          ਇਸ ਤਰਾਂ ਹੁਣ ਇਸੀ ਮਹਾਨ ਧਰਤੀ ਤੋਂ ਚੱਲ ਰਹੇ ਵਿਦਿਆਲੇ ਤੋਂ ਸਿੱਖਿਅਤ ਪ੍ਰਚਾਰਕ ਲਗਾਤਾਰ ਪੈਦਾ ਹੋ ਰਹੇ ਹਨ ਜੋ ਕਿ ਬਹੁਤੇ ਨਿਸ਼ਕਾਮ ਸੇਵਾ ਕਰ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਭਾਈ ਤਿਰਲੋਕ ਸਿੰਘ ਜੋ ਨਿਧੱੜਕ ਪ੍ਰਚਾਰਕ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
          ਬੁੱਢਾ ਜੌਹੜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸੰਚਾਲਤ ਵਿਦਿਆਲੇ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਅਤੇ ਬਾਅਦ ਵਿੱਚ ਭਾਈ ਗੁਰਦਾਸ ਗੁਰਮਤਿ ਕਾਲਜ਼ ਲੁਧਿਆਣਾ ਵਿੱਚੋਂ ੩ ਸਾਲਾ ਡਿਪਲੋਮਾ ਪ੍ਰਾਪਤ ਕਰ ਚੁੱਕੇ ਗਿਆਨੀ ਤਿਰਲੋਕ ਸਿੰਘ ਹੁਣ ਤੱਕ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਨਿਸ਼ਕਾਮ ਪ੍ਰਚਾਰ ਕਰ ਚੁੱਕੇ ਹਨ। ਭਾਈ ਤਿਰਲੋਕ ਸਿੰਘ ਦੀ ਇਹ ਖਾਸੀਅਤ ਹੈ ਕਿ ਜੋ ਗੱਲ ਕਹਿਣੀ ਹੁੰਦੀ ਹੈ ਉਹ ਕਹਿ ਦਿੰਦੇ ਹਨ ਬਾਅਦ ਵਿੱਚ ਭਾਵੇਂ ਕੁੱਝ ਵੀ ਹੁੰਦਾ ਰਹੇ। ਉਹ ਹਾਲੇ ਕੁਆਰੇ ਹੋਣ ਕਾਰਨ ਪ੍ਰਚਾਰ ਦੌਰਾਨ ਵੱਧ ਤੋਂ ਵੱਧ ਸਮਾਂ ਸੰਗਤਾਂ ਵਿੱਚ ਹੀ ਗੁਜ਼ਾਰਦੇ ਹਨ ਜਿਸ ਕਾਰਨ ਉਹ ਜਲਦੀ ਹੀ ਸੰਗਤਾਂ ਵਿੱਚ ਘੁਲ ਮਿਲ ਜਾਂਦੇ ਹਨ। ਭਾਈ ਸਾਹਿਬ ਨਾਲ ਸੰਪਰਕ ਕਰਨ ਲਈ ਉਨ੍ਹਾਂ ਦੇ ਫੋਨ ਨੰਬਰ ੯੮੭੬੬-੩੩੦੧੩ 'ਤੇ ਫੋਨ ਕੀਤਾ ਜਾ ਸਕਦਾ ਹੈ।
ਅਵਤਾਰ ਸਿੰਘ ਤੁੰਗਵਾਲੀ
੯੮੫੫੭-੫੮੦੬੪..

No comments:

Post a Comment