Tuesday 6 March 2012

ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਇਹ ਪ੍ਰਦੂਸ਼ਣ।

ਧੂੰਆਂ ਅਤੇ ਗੰਦੇ ਪਾਣੀ ਵਾਂਗੂੰ ਆਵਾਜ਼ ਪ੍ਰਦੂਸ਼ਣ ਵੀ ਹੈ ਖਤਰਨਾਕ
ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਇਹ ਪ੍ਰਦੂਸ਼ਣ।
ਸਭ ਤੋਂ ਵੱਧ ਪ੍ਰੈਸ਼ਰ ਹਾਰਨ ਫੈਲਾ ਰਹੇ ਹਨ ਆਵਾਜ਼ ਪ੍ਰਦੂਸ਼ਣ,


ਅਵਤਾਰ ਸਿੰਘ ਤੁੰਗਵਾਲੀ,
੯੮੫੫੭-੫੮੦੬੪.
ਪ੍ਰਦੂਸ਼ਣ ਦਾ ਨਾਮ ਸੁਣਦੇ ਸਾਰ ਹੀ ਫੈਕਟਰੀਆਂ 'ਚੋਂ ਨਿਕਲਦਾ ਧੂੰਆਂ ਤੇ ਨਦੀਆਂ 'ਚ ਵਗਦਾ ਗੰਦਾ ਪਾਣੀ ਸਾਡੀਆਂ ਅੱਖਾਂ ਸਾਹਮਣੇ ਘੁੰਮਣ ਘੇਰੀਆਂ ਖਾਣ ਲੱਗ ਪੈਂਦਾ ਹੈ ਪਰ ਇਸ ਪ੍ਰਦੂਸ਼ਣ ਦੇ ਨਾਲ ਨਾਲ ਅੱਜ ਜੋ ਸਾਡੀ ਮਨੋਸਥਿਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ, ਉਹ ਹੈ ਆਵਾਜ਼ ਪ੍ਰਦੂਸ਼ਣ। ਇਹ ਮਨੁੱਖੀ ਜਿੰਦਗੀ ਦੇ ਨਾਲ ਨਾਲ ਪਸ਼ੂ ਪੰਛੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਵਾਜ਼ ਨੂੰ ਨਾਪਣ ਲਈ ਡੀਬੀ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ। ਸਾਇੰਸਦਾਨਾਂ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ੨੫ ਡੀਬੀ ਤੋਂ ਜ਼ਿਆਦਾ ਆਵਾਜ਼ ਦਾ ਲੈਵਲ ਮਨੁੱਖੀ ਕੰਨਾਂ ਲਈ ਬੇਹੱਦ ਹਾਨੀਕਾਰਕ ਹੈ। ਜ਼ਿਆਦਾ ਆਵਾਜ਼ ਪ੍ਰਦੂਸ਼ਣ ਨਾਲ ਮਨੁੱਖ ਹਾਈ ਬਲੱਡ ਪ੍ਰੈਸ਼ਰ, ਐਲਰਜ਼ੀ, ਚਿੜਚਿੜਾਪਣ, ਗੁੱਸਾ, ਦਿਮਾਗੀ ਪ੍ਰੇਸ਼ਾਨੀ, ਕੈਂਸਰ ਤੇ ਹੋਰ ਕਈ ਗੰਭਰਿ ਮਾਨਸਿਕ ਬੀਮਾਰੀਆਾਂਂ ਦੇ ਸ਼ਿਕਾਰ ਹੋ ਜਾਂਦੇ ਹਨ। ਹੋਰ ਤਾਂ ਹੋਰ ਕਈ ਵਾਰੀ ਇਹ ਗਰਭਵਤੀ ਔਰਤਾਂ ਲਈ ਬਹੁਤ ਵੱਡੀ ਪ੍ਰੇਸ਼ਾਨੀ ਪੈਦਾ ਕਰ ਸਕਦਾ ਹੈ ਤੇ ਇਸੇ ਕਾਰਨ ਗਰਭਪਾਤ ਵੀ ਹੋ ਸਕਦਾ ਹੈ। ਮਾਹਰਾਂ ਅਨੁਸਾਰ ਕਈ ਅਲੱਗ ਅਲੱਗ ਹਾਲਤਾਂ ਵਿੱਚ ਮਨੁੱਖ ਤੇ ਪਸ਼ੂ ੨੫ ਡੀਬੀ ਤੋਂ ੫੦ ਡੀਬੀ ਤੱਕ ਆਵਾਜ਼ ਦੇ ਲੈਵਲ ਨੂੰ ਝੱਲ ਸਕਦੇ ਹਨ ਪਰ ਇਸ ਤੋਂ ਉੱਪਰ ੮੦ ਤੋਂ ੧੦੦ ਡੀਬੀ ਤੱਕ ਜਾਣ ਵਾਲੇ ਅਤੇ ਇਸ ਲੈਵਲ ਵਿੱਚ ਲਗਾਤਾਰ ਕੰਮ ਕਰਨ ਵਾਲੇ ਕਾਮੇ ਜਾਂ ਇਸ ਹਾਲਤ ਵਿੱਚ ਲਗਾਤਾਰ ਰਹਿਣ ਵਾਲੇ ਪਸ਼ੂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜਲਦੀ ਬੁੱਢੇ ਹੋ ਸਕਦੇ ਹਨ। ਕਈ ਵਾਰ ਇਹ ਕੰਨਾਂ 'ਤੇ ਇੰਨ੍ਹਾਂ ਮਾਰੂ ਅਸਰ ਕਰਦਾ ਹੈ ਕਿ ਕੰਨ ਅਰਧ ਜਾਂ ਪੂਰਨ ਬੋਲੇਪਣ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਪ੍ਰਦੂਸ਼ਣ ਕਾਰਨ ਬਿਮਾਰ ਹੋਏ ਪਸ਼ੂ ਤਾਂ ਕਈ ਵਾਰ ਮਨੁੱਖ ਲਈ ਬਹੁਤ ਹੀ ਖਤਰਨਾਕ ਸਾਬਤ ਹੋਏ ਹਨ। ਸਾਇੰਸਦਾਨਾਂ ਅਨੁਸਾਰ ਇੱਕ ਡਰਾਈਵਰ ਜਦ ਕਾਰ ਦੀ ਬਾਰੀ ਖੋਲ੍ਹਕੇ ਬੰਦ ਕਰਦਾ ਹੈ ਤਾਂ ਇਸ ਵਿੱਚੋਂ ੭੦ ਡੀਬੀ ਤੱਕ ਦੇ ਲੈਵਲ ਦੀ ਆਵਾਜ਼ ਨਿਕਲ ਸਕਦੀ ਹੈ। ੨੦ ਡੀਬੀ ਦੇ ਲੈਵਲ ਦੀ ਜਿੰਨੀ ਆਵਾਜ਼ ਹੁੰਦੀ ਹੈ, ੩੦ ਡੀਬੀ ਦੇ ਲੈਵਲ ਦੀ ਆਵਾਜ਼ ਇਸਤੋਂ ਦੁੱਗਣੀ ਹੋਵੇਗੀ। ੪੦ ਡੀਬੀ ਕਹਿਣ ਨੂੰ ਤਾਂ ੨੦ ਡੀਬੀ ਦਾ ਦੁੱਗਣਾ ਲਗਦਾ ਹੈ ਪਰ ਆਵਾਜ਼ ਦਾ ਲੈਵਲ ਇਸ ਤੋਂ ਚਾਰ ਗੁਣਾ ਵੱਧ ਹੋਵੇਗਾ। ਇਸੇ ਤਰ੍ਹਾਂ ੮੦ ਡੀਬੀ ਲੈਵਲ ੨੦ ਡੀਬੀ ਦੇ ਲੈਵਲ ਤੋਂ ੬੪ ਗੁਣਾ ਵੱਧ ਆਵਾਜ਼ ਕੱਢੇਗਾ। ਕਈ ਵਾਰ ਆਵਾਜ਼ ਦੀ ਫਰੀਕੁਐਂਸੀ ਵੀ ਇੰਨੀਂ ਉੱਚੀ ਹੁੰਦੀ ਹੈ ਕਿ ਇਸਦਾ ਘੱਟ ਲੈਵਲ ਵੀ ਕੰਨਾਂ ਵਿੱਚ ਜ਼ਹਿਰ ਘੋਲ ਦਿੰਦਾ ਹੈ। ਜੇਕਰ ਇੱਕ ਜਹਾਜ ਚੜ੍ਹਣ ਲਈ ਤਿਆਰ ਹੈ ਅਤੇ ਇਹ ਚੜ੍ਹਨ ਵੇਲੇ ੨੦੦੦ ਫੁੱਟ ਜਾਣੀ ੬੦੦ ਮੀਟਰ ਦੂਰ ਖੜ੍ਹੇ ਮਨੁੱਖ ਦੇ ਕੰਨਾਂ ਤੱਕ ੧੧੦ ਡੀਬੀ ਦੇ ਬਰਾਬਰ ਆਵਾਜ਼ ਪਹੁੰਚਾਉਂਦਾ ਹੈ ਤੇ ਇਸੇ ਤਰ੍ਹਾਂ ਕੋਈ ਵੀ ਵਾਹਨ ਜਦ ਇੱਕ ਫੁੱਟ ਤੋਂ ਹਾਰਨ ਵਜਾਉਂਦਾ ਹੈ ਤਾਂ ਇਹ ਇੱਕੋ ਜਿੰਨੇ ਖਤਰਨਾਕ ਹੋਣਗੇ ਭਾਵ ਵਾਹਨ ਦਾ ਹਾਰਨ ਇੱਕ ਫੁੱਟ ਦੀ ਦੂਰੀ ਤੋਂ ੧੧੦ ਡੀਬੀ ਲੈਵਲ ਦੀ ਆਵਾਜ਼ ਕੱਢਦਾ ਹੈ। ਸਿੱਟੇ ਵਜੋਂ ੪੫ ਡੀਬੀ ਲੈਵਲ ਦੀ ਆਵਾਜ਼ ਵਿੱਚ ਕੋਈ ਵੀ ਮਨੁੱਖ ਸੌਂ ਨਹੀਂ ਸਕਦਾ ਤੇ ੮੫ ਡੀਬੀ ਤੇ ਜਾ ਕੇ ਕੰਨਾਂ ਵਿੱਚ ਭਾਰਾਪਣ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ੧੦੦ ਡੀਬੀ ਤੇ ਜਾ ਕੇ ਕੰਨ ਬਹੁਤ ਬੁਰੀ ਤਰ੍ਹਾਂ ਦਰਦ ਕਰਨ ਲੱਗ ਜਾਂਦੇ ਹਨ। ਤਾਂ ਦੇਖੋ ਕਿ ੧੧੦ ਡੀਬੀ ਲੈਵਲ ਕਿੰਨਾਂ ਖਤਰਨਾਕ ਹੋ ਸਕਦਾ ਹੈ। ਇਹੋ ਕਾਰਨ ਹੈ ਕਿ ਦੁਨੀਆਂ ਭਰ ਦੇ ਨੌਜਵਾਨਾਂ ਦੀ ਸੁਣਨ ਸ਼ਕਤੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ, ਦਿਮਾਗੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਆਵਾਜ਼ ਪ੍ਰਦੂਸ਼ਣ ਦਾ ਅਸਰ ਮਨੁੱਖ ਜਾਂ ਇਕੱਲੇ ਪਸ਼ੂ ਪੰਛੀਆਂ 'ਤੇ ਹੀ ਨਹੀਂ ਪੈਂਦਾ, ਬਨਸਪਤੀ 'ਤੇ ਵੀ ਇਸਦਾ ਪ੍ਰਤੱਖ ਅਸਰ ਪੈਂਦਾ ਹੈ। ਜਿੱਥੇ ਆਵਾਜ਼ ਪ੍ਰਦੂਸ਼ਣ ਜ਼ਿਆਦਾ ਹੋਵੇਗਾ, ਉੱਥੇ ਮਨੁੱਖ ਦੀ ਤਰ੍ਹਾਂ ਬਨਸਪਤੀ ਵੀ ਕੁਮਲਾਈ ਕੁਮਲਾਈ ਰਹੇਗੀ ਤੇ ਬਿਮਾਰ ਹੋ ਜਾਵੇਗੀ ਤੇ ਉਸਦੀ ਪੈਦਾਵਾਰ ਵੀ ਪ੍ਰਭਾਵਿਤ ਹੋਵੇਗੀ। ਇਹੀ ਕਾਰਨ ਹੈ ਕਿ ਸ਼ਾਂਤ ਇਲਾਕਿਆਂ ਵਿੱਚ ਬਨਸਪਤੀ ਵੀ ਚਹਿਕਦੀ ਟਹਿਕਦੀ ਤੇ ਮਨੁੱਖੀ ਮਨ ਨੂੰ ਜ਼ਿਆਦਾ ਲੁਭਾਉਂਦੀ ਹੈ ਤੇ ਮਨੁੱਖ ਦਾ ਮਨ ਵੀ ਅਜਿਹੀ ਬਨਸਪਤੀ ਵਿੱਚ ਜ਼ਿਆਦਾ ਲਗਦਾ ਹੈ ਤੇ ਇੱਥੇ ਹੀ ਰਹਿਣਾ ਪਸੰਦ ਕਰਦਾ ਹੈ।
 ਆਵਾਜ਼ ਦੀ ਤਾਂ ਕਈ ਵਾਰ ਜਰੂਰਤ ਵੀ ਹੁੰਦੀ ਹੈ ਪਰ ਸਾਇੰਸਦਾਨਾਂ ਅਨੁਸਾਰ ਬੇਲੋੜੀ ਆਵਾਜ਼ ਹੀ ਆਵਾਜ਼ ਪ੍ਰਦੂਸ਼ਣ ਅਖਵਾਉਂਦੀ ਹੈ। ਇਸ ਦੇ ਕਈ ਸੋਮੇ ਹਨ ਜਿੱਥੋਂ ਮਨੁੱਖੀ ਲਾਲਸਾ, ਲਾਲਚ ਤੇ ਪੈਸੇ ਦੇ ਪ੍ਰਲੋਭਨ ਦੇ ਅਧੀਨ ਹੋ ਕੇ ਤਰੱਕੀ ਦੇ ਨਾਮ 'ਤੇ ਮਨੁੱਖ ਨੇ ਹੀ ਪੈਦਾ ਕੀਤਾ ਹੈ। ਹਵਾਈ ਜਹਾਜਾਂ ਦੀ ਅਵਾਜ਼, ਰੇਲ ਗੱਡੀਆਂ ਦੀ ਆਵਾਜ਼ ਤੇ ਉੱਚੇ ਉੱਚੇ ਕੰਨ ਪਾੜਵੇਂ ਹਾਰਨ, ਫੈਕਟਰੀਆਂ 'ਚ ਚੱਲ ਰਹੀਆਂ ਮਸ਼ੀਨਾਂ ਦੀ ਭੱਦੀ ਆਵਾਜ਼, ਸੜਕਾਂ 'ਤੇ ਅੰਨ੍ਹੇਵਾਹ ਚਲਦੀਆਂ ਭਾਂਤ ਭਾਂਤ ਦੀਆਂ ਆਵਾਜ਼ਾਂ ਵਾਲੀਆਂ ਗੱਡੀਆਂ ਤੇ ਉਚੀ ਉਚੀ ਚੀਕਾਂ ਮਾਰਦੇ ਹਾਰਨ, ਧਾਰਮਿਕ ਸਥਾਨਾਂ 'ਤੇ ਕਾਵਾਂਰੌਲੀ ਪਾਉਂਦੇ ਉੱਚੀ ਆਵਾਜ਼ 'ਚ ਵਜਦੇ ਸਪੀਕਰ, ਗਲੀਆਂ ਵਿੱਚ ਦੁਕਾਨਾਂ ਦੀਆਂ ਮਸ਼ਹੂਰੀਆਂ ਕਰਦੇ ਰਿਕਸ਼ੇ ਤੇ ਰੇਹੜੀਆਂ ਦੁਆਰਾ ਲਗਾਏ ਸਪੀਕਰ, ਵਿਆਹ ਸ਼ਾਦੀਆਂ 'ਚ ਖੁਸ਼ੀ ਤੇ ਜਸ਼ਨ ਮਨਾਉਣ ਲਈ ਲਗਾਏ ਜਾਂਦੇ ਡੀ ਜੇ ਤੇ ਵੱਡੇ ਵੱਡੇ ਸਾਊਂਡ ਸਿਸਟਮ ਅਦਿ ਹੋਰ ਵੀ ਬਹੁਤ ਸਾਰੇ ਅਜਿਹੇ ਸਾਧਨ ਹਨ ਜੋ ਕਿ ਮਨੁੱਖੀ ਜਾਤੀ ਲਈ ਵਰਦਾਨ ਦੀ ਥਾਂ ਸਰਾਪ ਬਣ ਰਹੇ ਹਨ। ਸਰਕਾਰ ਨੇ ਇਸਦੀ ਰੋਕਥਾਮ ਲਈ ਕਈ ਕਾਨੂੰਨ ਵੀ ਬਣਾਏ ਹਨ ਪਰ ਹਰ ਆਦਮੀ ਨੂੰ ਪਤਾ ਹੈ ਕਿ ਭਾਰਤ ਵਰਸ਼ ਵਿੱਚ ਕਾਨੂੰਨਾਂ ਦਾ ਕੀ ਹਾਲ ਹੁੰਦਾ ਹੈ। ਕਾਨੂੰਨ ਬਣਾਉਣ ਵਾਲੇ ਨਾਲੋਂ ਕਾਨੂੰਨ ਤੋੜਨ ਵਾਲੇ ਜ਼ਿਆਦਾ ਤਤਪਰ ਹੁੰਦੇ ਹਨ ਤੇ ਕਈ ਹਾਲਤਾਂ ਵਿੱਚ ਸਾਡੇ ਕਾਨੂੰਨ ਘਾੜੇ ਹੀ ਕਾਨੂੰਨ ਤੋੜਨ ਵਾਲੀ ਗੱਦੀ 'ਤੇ ਬੈਠੇ ਹੁੰਦੇ ਹਨ। ਹੁਣ ਉੱਚੇ ਉੱਚੇ ਵਜਦੇ ਹਾਰਨਾਂ ਦੀ ਗੱਲ ਹੀ ਲੈ ਲਓ, ਜਿੰਨੀਆਂ ਵੀ ਬੱਸਾਂ ਤੇ ਟਰੱਕ ਭਾਰਤ ਵਿੱਚ ਚਲਦੇ ਹਨ ਉਹ ਸਾਰੇ ਤਕਰੀਬਨ ਵੱਡੇ ਵੱਡੇ ਰਾਜਨੀਤਿਕ ਘਰਾਣਿਆਂ ਦੇ ਹਨ ਤੇ ਮਜਾਲ ਹੈ ਕਿਸੇ ਅਧਿਕਾਰੀ ਦੀ ਕਿ ਇਨ੍ਹਾਂ ਨੂੰ ਕਾਨੂੰਨ ਦੀ ਕਿਤਾਬ ਦਾ ਉਹ ਵਰਕਾ ਪੜ੍ਹ ਕੇ ਸੁਣਾ ਸਕੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਗੱਡੀ ਵਿੱਚ ਪ੍ਰੈਸ਼ਰ ਹਾਰਨ ਲਗਾਉਣਾ ਹੀ ਮਨ੍ਹਾ ਹੈ, ਵਜਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਿਤਮ ਦੀ ਗੱਲ ਵੇਖੋ ਕਿ ਕਿਸੇ ਵੀ ਫੈਕਟਰੀ ਵਿੱਚੋਂ ਕਿਸੇ ਵੀ ਗੱਡੀ ਵਿੱਚ ਪ੍ਰੈਸ਼ਰ ਹਾਰਨ ਲੱਗ ਕੇ ਨਹੀਂ ਆਉਂਦਾ, ਬਲਕਿ ਬਾਅਦ ਵਿੱਚ ਆਪ ਪਹਿਲੇ ਹੀ ਦਿਨ ਇਹ ਲਗਾਕੇ ਕਾਨੂੰਨ ਤੋੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਗੱਡੀ ਪਾਸ ਕਰਨ ਵੇਲੇ ਵੀ ਇਹ ਸਭ ਦੇਖਿਆ ਜਾਂਦਾ ਹੈ ਪਰ ਮਜਾਲ ਹੈ ਕਿ ਸਾਡੇ ਅਧਿਕਾਰੀਆਂ ਦੀ ਨਜ਼ਰ ਇਨ੍ਹਾਂ ਚੀਜਾਂ 'ਤੇ ਪੈ ਜਾਵੇ! ਬਾਹਰਲੇ ਮੁਲਕਾਂ ਵਿੱਚ ਭਾਵੇਂ ਹਾਰਨ ਵਜਾਉਣ ਵਾਲੇ ਨੂੰ ਗਾਲ੍ਹ ਕੱਢਣ ਬਰਾਬਰ ਸਮਝਿਆ ਜਾਂਦਾ ਹੈ ਤੇ ਉਸੇ ਵਕਤ ਜੁਰਮਾਨਾ ਵੀ ਕੀਤਾ ਜਾਂਦਾ ਹੈ ਪਰ ਭਾਰਤ ਵਿੱਚ ਮਚਲੇ ਡਰਾਈਵਰ ਫਾਟਕਾਂ 'ਤੇ ਲਾਈਨ ਵਿੱਚ ਚਲਦੇ ਵੀ ਹਾਰਨ ਤੋਂ ਹੱਥ ਨਹੀਂ ਚੁਕਦੇ, ਨਾਲੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਭੀੜ ਕਾਰਨ ਟ੍ਰੈਫਿਕ ਇਸੇ ਚਾਲ ਨਾਲ ਚੱਲੇਗਾ। ਕੋਲ ਖੜ੍ਹੇ ਟ੍ਰ੍ਰੈਫਿਕ ਕਰਮਚਾਰੀ ਇਹ ਸਭ ਦੇਖ ਰਹੇ ਹੁੰਦੇ ਹਨ ਪਰ ਉਨ੍ਹਾਂ ਦੀ ਹਿੰਮਤ ਨਹੀਂ ਪੈਂਦੀ ਕਿ ਕਿਸੇ ਨੂੰ ਇਸ ਬਾਰੇ ਕਹਿ ਸਕਣ ਜਾਂ ਚਲਾਣ ਕੱਟ ਕੇ ਹੱਥ ਫੜਾ ਸਕਣ। ਹਸਪਤਾਲਾਂ ਦੇ ਬਾਹਰ ਵੀ ਬੋਰਡ ਲਿਖ ਕੇ ਲਗਾਉਣੇ ਪੈਂਦੇ ਹਨ ਕਿ ਸਾਵਧਾਨ! ਹਾਰਨ ਵਜਾਉਣਾ ਮਨ੍ਹਾ ਹੈ ਅੱਗੇ ਹਸਪਤਾਲ ਹੈ। ਪਰ ਫਿਰ ਵੀ ਕਈ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਹੋ ਹਾਲਤ ਫੈਕਟਰੀਆਂ 'ਚ ਚੱਲ ਰਹੀਆਂ ਮਸ਼ੀਨਾਂ ਦੀ ਹੈ ਜਿੱਥੇ ਮਹੀਨਾ ਜਾਂ ਹਫਤਾ ਬੰਨ੍ਹ ਕੇ ਕੰਮ ਚਲਾਇਆ ਜਾਂਦਾ ਹੈ ਤੇ ਮਸ਼ੀਨਾਂ ਚੋਂ ਨਿਕਲਦੀਆਂ ਭੱਦੀਆਂ ਤੇ ਬੇਲੋੜੀਆਂ ਆਵਾਜਾਂ ਇਨ੍ਹਾਂ ਅਧਿਕਾਰੀਆਂ ਦੇ ਕੰਨਾਂ 'ਚ ਨਹੀਂ ਪੈਂਦੀਆਂ। ਪਿਛਲੇ ਦਿਨੀਂ ਬਠਿੰਡਾ ਦੇ ਪੁਲੀਸ ਪ੍ਰਸ਼ਾਸਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰੈਸ਼ਰ ਹਾਰਨ ਉਤਾਰਨ ਦੀ ਮੁਹਿੰਮ ਚਲਾਈ ਸੀ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਰੋਜ਼ ਰੋਜ਼ ਭੀੜੀਆਂ ਗਲੀਆਂ ਵਿੱਚੋਂ ਦੀ ਲੰਘਦੀਆਂ ਵੱਡੀਆਂ ਗੱਡੀਆਂ ਦੀ ਪਾਂਅ ਪਾਂਅ ਤੋਂ ਛੁਟਕਾਰਾ ਮਿਲੇਗਾ। ਪਰ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਟ੍ਰੈਫਿਕ ਅਧਿਕਾਰੀ ਸਿਰਫ ਮੋਟਰਸਾਈਕਲਾਂ ਦੇ ਹਾਰਨ ਉਤਾਰ ਕੇ ਉਨ੍ਹਾਂ ਨਾਲ ਫੋਟੋਆਂ ਖਿਚਵਾ ਰਹੇ ਸਨ ਤੇ ਵੱਡੇ ਘਰਾਣਿਆਂ ਦੀਆਂ ਵੱਡੀਆਂ ਗੱਡੀਆਂ ਕੰਨ ਪਾੜਵੇਂ ਹਾਰਨ ਵਜਾ ਵਜਾ ਕੇ ਇਨ੍ਹਾਂ ਅਧਿਕਾਰੀਆਂ ਉੱਪਰ ਧੂੜ ਮਿੱਟੀ ਪਾ ਕੇ ਫੁੱਲ ਸਪੀਡ ਨਾਲ ਕੋਲੋਂ ਲੰਘ ਰਹੀਆਂ ਸਨ ਪਰ ਸ਼ਾਇਦ ਇਹ ਆਵਾਜ਼ਾਂ ਇਨ੍ਹਾਂ ਅਧਿਕਾਰੀਆਂ ਦੇ ਕੰਨਾਂ ਵਿੱਚ ਨਹੀਂ ਸੀ ਜਾ ਰਹੀਆਂ ਜਾਂ ਜਾਣ ਬੁੱਝ ਕੇ ਬੇਸਮਝ ਬਣੇ ਹੋਏ ਸਨ। ਇਹ ਮੁਹਿੰਮ ਵੀ ਇੱਕ ਦੋ ਦਿਨ ਚੱਲੀ ਤੇ ਦਮ ਤੋੜ ਗਈ। ਕਈ ਆਵਾਜ਼ ਪ੍ਰਦੂਸ਼ਣ ਤਾਂ ਚਲੋ ਮੰਨ ਲਓ ਕਿ ਰੋਕੇ ਨਹੀਂ ਜਾ ਸਕਦੇ ਜਿਵੇਂ ਰੇਲ ਗੱਡੀਆਂ ਦੀ ਆਵਾਜ਼ ਹੈ ਜੋ ਨਹੀਂ ਰੁਕ ਸਕਦੀ, ਹਵਾਈ ਜਹਾਜ਼ ਦੀ ਆਵਾਜ਼ ਹੈ ਨਹੀਂ ਰੁਕ ਸਕਦੀ, ਪਰ ਕਈ ਜੋ ਰੁਕ ਸਕਦੀ ਹੈ ਉਸਨੂੰ ਰੋਕਣ ਲਈ ਕਾਨੂੰਨ ਪ੍ਰਣਾਲੀ ਨੂੰ ਸਖ਼ਤ ਕਰਨ ਦੀ ਜਰੂਰਤ ਹੈ। ਗੱਡੀਆਂ ਪਾਸ ਕਰਨ ਵੇਲੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਗੱਡੀ ਵਿੱਚ ਬੇਲੋੜਾ ਯੰਤਰ ਨਾ ਲੱਗਿਆ ਹੋਵੇ। ਰੁਤਬੇ ਮੁਤਾਬਕ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਜਾਵੇ ਭਾਵ ਜੇਕਰ ਮੁੱਖ ਮੰਤਰੀ ਦੀ ਆਪਣੀ ਬੱਸ ਜਾਂ ਕਿਸੇ ਹੋਰ ਗੱਡੀ ਵਿੱਚ ਪ੍ਰੈਸ਼ਰ ਹਾਰਨ ਫੜ੍ਹਿਆ ਗਿਆ ਤਾਂ ਉਸਨੂੰ ਸਭ ਤੋਂ ਵੱਧ ਜੁਰਮਾਨਾ, ਹੋ ਸਕੇ ਤਾਂ ਕੁੱਝ ਦਿਨਾਂ ਲਈ ਗੱਡੀ ਬੰਦ ਕਰ ਦਿੱਤੀ ਜਾਵੇ ਤਾਂ ਕਿ ਹੋਰ ਆਮ ਲੋਕ ਇਸਦੀ ਉਲੰਘਣਾ ਕਰਨ ਵੇਲੇ ਸੌ ਵਾਰ ਸੋਚਣ। ਇਸੇ ਤਰ੍ਹਾਂ ਫੈਕਟਰੀਆਂ ਤੇ ਵੀ ਲਗਾਤਾਰ ਨਿਗਾ੍ਹ ਰੱਖੀ ਜਾਵੇ ਤਾਂ ਕਿ ਉਨ੍ਹਾਂ ਦੀ ਸਹੀ ਕਾਰਜਕੁਸ਼ਲਤਾ ਬਣੀ ਰਹੇ ਤੇ ਨਾਲੇ ਮਸ਼ੀਨਾਂ ਦੀ ਸਹੀ ਚੱਲਣ ਨਾਲ ਬਿਜਲੀ ਦੀ ਵੀ ਬੱਚਤ ਹੋ ਸਕੇ। ਇਸਦੀ ਰੋਕਥਾਮ ਲਈ ਕਈ ਕਾਨੂੰਨ ਵੀ ਬਣੇ ਹਨ। ਫੈਕਟਰੀਜ਼ ਅੇਕਟ ੧੯੪੮ ਦੀ ਧਾਰਾ ੧੧(੧) ਅਧੀਨ ਫੈਕਟਰੀ ਨੂੰ ਸਾਫ ਸੁਥਰਾ ਰੱਖਣ ਤੇ ਇਸੇ ਦੀ ਧਾਰਾ ੩੫ ਇੱਥੇ ਕੰਮ ਕਰਦੇ ਵਰਕਰਾਂ ਦੇ ਕੰਨਾਂ ਅਤੇ ਅੱਖਾਂ ਦੀ ਰਖਵਾਲੀ ਕਰਦੀ ਹੈ। ਮੋਟਰ ਵਹੀਕਲ ਐਕਟ ੧੯੮੮ ਦੀ ਧਾਰਾ ੨੦, ੨੧(੧), ੪੧, ੬੮, ੭੦, ੧੧੧ ਵੀ ਬਣਿਆ ਹੋਇਆ ਹੈ ਜਿਸ ਅਧੀਨ ਗੱਡੀਆਂ ਨੂੰ ਸ਼ੋਰ ਮੁਕਤ ਕਰਨਾ ਜਰੂਰੀ ਹੈ। ਸ਼ੋਰ ਰੈਗੂਲੇਸ਼ਨ ਐਕਟ ੨੦੦੦ ਦੀ ਧਾਰਾ ੩ ਤੇ ਇਸੇ ਐਕਟ ੧੯੮੬ ਅਨੁਸਾਰ ਫੈਕਟਰੀਆਂ ਵਿੱਚ ੭੫ ਡੀਬੀ, ਕਿਸੇ ਵਪਾਰਕ ਸਥਾਨ 'ਤੇ ੬੫ ਡੀਬੀ ਅਤੇ ਘਰੇਲੂ ਵਸੋਂ ਵਾਲੇ ਇਲਾਕਿਆਂ ਵਿੱਚ ੫੫ ਡੀਬੀ ਆਵਾਜ਼ ਦੇ ਲੈਵਲ ਨੂੰ ਸੀਮਿਤ ਕਰਨ ਲਈ ਪ੍ਰਤੀਬੱਧ ਕਰਦੀ ਹੈ। ਇਸੇ ਧਾਰਾ ਅਧੀਨ ਕਿਸੇ ਵੀ ਸਕੂਲ, ਅਦਾਲਤ, ਕਚਹਿਰੀ ਤੇ ਹਸਪਤਾਲ ਦੇ ੧੦੦ ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਵਾਜ਼ ਪ੍ਰਦੂਸ਼ਣ ਫੈਲਣ ਤੋਂ ਰੋਕਦੀ ਹੈ। ਪਰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਿੰਨੀ ਕੁ ਹੋ ਰਹੀ ਹੈ ਇਹ ਸਭ ਦੇ ਸਾਹਮਣੇ ਹੈ। ਹੁਣ ਸੌ ਹੱਥ ਰੱਸਾ ਸਿਰੇ 'ਤੇ ਗੰਢ ਮੁਤਾਬਕ ਤੱਤ ਸਾਰ ਦੀ ਗੱਲ ਕਰਦੇ ਹਾਂ ਕਿ ਭਾਰਤ ਵਿੱਚ ਕੋਈ ਵੀ ਕਾਨੂੰਨ ਬਣ ਜਾਵੇ, ਕੋਈ ਬੁਰਾਈ ਖਤਮ ਨਹੀਂ ਹੋ ਸਕਦੀ ਪਰ ਜੇਕਰ ਲੋਕ ਆਪ ਹੀ ਸਮਝ ਲੈਣ ਤਾਂ ਕਿਸੇ  ਵੀ ਵੱਡੀ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਸੋ ਆਮ ਲੋਕਾਂ ਤੋਂ ਹੀ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਦੇ ਹੋਏ ਆਪਣੇ ਫਰਜ਼ ਵੀ ਸਮਝਣ ਤੇ ਇਸ ਨਾਮੁਰਾਦ ਬੁਰਾਈ ਦਾ ਖਹਿੜਾ ਛੱਡਣ ਤੇ ਆਪਣੀਆਂ ਆਪਣੀਆਂ ਗੱਡੀਆਂ ਵਿੱਚੋਂ ਅੱਜ ਹੀ ਪ੍ਰੈਸ਼ਰ ਹਾਰਨ ਉਤਰਵਾ ਦੇਣ, ਛੋਟੇ ਹਾਰਨ ਵੀ ਘੱਟ ਤੋਂ ਗੱਟ ਵਜਾਉਣ ਤਾਂ ਕਿ ਹਾਰਨ ਨਾਲ ਕਿਸੇ ਮਨੁੱਖ ਜਾਂ ਪਸ਼ੂ ਪੰਛੀ ਨੂੰ ਕੋਈ ਤਕਲੀਫ ਨਾ ਪਹੁੰਚੇ। ਇਸ ਨਾਲ ਜਿੱਥੇ ਅਸੀਂ ਸ਼ਾਂਤੀ ਵਿੱਚ ਜੀਅ ਸਕਾਂਗੇ ਉੱਥੇ ਸਾਡੇ ਦੁਆਰਾ ਪਾਏ ਇਸ ਯੋਗਦਾਨ ਬਦਲੇ ਆਪਣੇ ਆਪ 'ਤੇ ਗਰਵ ਕਰ ਸਕਾਂਗੇ ਤੇ ਸੰਸਾਰ ਪੱਧਰ ਉੱਤੇ ਹੋ ਰਹੇ ਸੁਧਾਰਾਂ ਪ੍ਰਤੀ ਆਪਣੀ ਜਾਗਰੂਕਤਾ ਦਰਜ਼ ਕਰਵਾ ਰਹੇ ਹੋਵਾਂਗੇ।

No comments:

Post a Comment