Sunday 25 March 2012

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਸਮੇਤ ਕੋਈ ਵੀ ਜਥੇਬੰਦੀ ਗੰਭੀਰ ਨਹੀਂ


ਅਵਤਾਰ ਸਿੰਘ ਤੁੰਗਵਾਲੀ ੯੮੫੫੭-੫੮੦੬੪.
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਬੰਬ ਕਾਂਡ ਨਾਲ ਸਬੰਧਤ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ ਆਖਰ ਫਾਂਸੀ 'ਤੇ ਪੱਕੀ ਮੋਹਰ ਲਗਾ ਦਿੱਤੀ ਹੈ ਪਰ ਗਹਿਰੀ ਨੀਂਦੇ ਸੁੱਤੇ ਸਿੱਖ ਆਗੂ ਹਾਲ ਤੱਕ ਸੁਪਨੇ ਵਿੱਚ ਹੀ ਬੁੜਬੁੜਾ ਰਹੇ ਹਨ। ਭਾਵੇਂ ਭਾਈ ਬਲਵੰਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰਕੇ ਅਦਾਲਤ ਵੱਲੋਂ ਦਿੱਤੀ ਫਾਂਸੀ ਦੀ ਸਜ਼ਾ ਨੂੰ ਨਾ ਘਟਾਉਣ ਜਾਂ ਮੁਆਫ ਨਾ ਕਰਵਾਉਣ ਲਈ ਸਿੱਖ ਕੌਮ ਨੂੰ ਕੋਈ ਵੀ ਚਾਰਾਜੋਈ ਨਾ ਕਰਨ ਲਈ ਕਹਿ ਵੀ ਦਿੱਤਾ ਹੈ ਪਰ ਕਈ ਸਿੱਖ ਆਗੂ ਮਾਤਰ ਇਸ ਲਈ ਕਾਂਵਾਂ ਰੌਲੀ ਪਾ ਰਹੇ ਹਨ ਕਿ ਉਹ ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਆਪਣੇ ਵਪਾਰ ਚਲਾ ਸਕਣ ਤੇ ਬਲਦੀ ਅੱਗ 'ਤੇ ਰੋਟੀਆਂ ਪਕਾ ਸਕਣ। ਭਾਵੇਂ ਪਿਛਲੇ ਸਮੇਂ ਤੋਂ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਸਮੇਤ ਅੱਧੀ ਦਰਜਨ ਹੋਰ ਅਕਾਲੀ ਦਲ ਵੀ ਕੇਂਦਰ ਸਰਕਾਰ ਨੂੰ ਸਮੇਂ ਸਮੇਂ 'ਤੇ ਭੰਡਦੇ ਰਹੇ ਹਨ ਤੇ ਉਹ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਨਾਮ 'ਤੇ ਲੋਕਾਂ ਦੀਆਂ ਭਾਵਨਾਵਾਂ ਬਟੋਰਨ ਦੇ ਨਾਲ ਨਾਲ ਵੋਟਾਂ ਅਤੇ ਵਿਦੇਸ਼ੀ ਸਿੱਖਾਂ ਤੋਂ ਨੋਟਾਂ ਦੀਆਂ ਥੱਬੀਆਂ ਲੈਂਦੇ ਰਹੇ ਹਨ ਪਰ ਅੱਜ ਦੀ ਪੰਥਕ ਕਹਾਉਣ ਵਾਲੀ ਪੰਜਾਬ ਸਰਕਾਰ ਦੀ ਅਜੀਬ ਤਰ੍ਹਾਂ ਦੀ ਚੁੱਪ ਵੀ ਘੋਖਣਯੋਗ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ ਅਤੇ ਪੰਜਾਬੀਆਂ ਨੂੰ ਡਾਢਾ ਪਿਆਰ ਜਤਾ ਕੇ ਹੀ ਉਨ੍ਹਾਂ ਨੂੰ ਆਪਣੇ ਘਰਾਂ 'ਤੇ ਕੇਸਰੀ ਝੰਡੇ ਝੁਲਾਉਣ ਲਈ ਅਪੀਲ ਕੀਤੀ ਸੀ ਪਰ ਇਸਨੂੰ ਕਈ ਵਪਾਰੀਆਂ ਨੇ ਇਸ ਕਦਰ ਹਵਾ ਦਿੱਤੀ ਕਿ ਉਨ੍ਹਾਂ ਦਾ ਵਪਾਰ ਇੱਕੋ ਦਿਨ ਵਿੱਚ ਲੱਖਾਂ ਕਰੋੜਾਂ ਰੁਪੈ ਦਾ ਹੋ ਗਿਆ। ਕਈ ਅਖਬਾਰਾਂ ਨੇ ਭਾਈ ਰਾਜੋਆਣਾ ਦੀਆਂ ਚਿੱਠੀਆਂ ਅਤੇ ਸੁਨੇਹਿਆਂ ਨੂੰ ਪੂਰੇ ਪੂਰੇ ਪੰਨੇ 'ਤੇ ਛਾਪ ਕੇ ਲੋਕ ਪੱਖੀ ਹੋਣ ਦਾ ਦਾਅਵਾ ਕੀਤਾ ਪਰ ਇਸ ਪਿੱਛੇ ਵੀ ਭਾਵਨਾ ਵਪਾਰਕ ਹੀ ਛੁਪੀ ਹੋਈ ਹੈ ਕਿਉਂਕਿ ਉਹ ਭਾਈ ਸਾਹਿਬ ਨੂੰ ਸ਼ਹੀਦ ਹੋਣ ਤੋਂ ਬਾਅਦ ਕਰੋੜਾਂ ਰੁਪੈ ਦੇ ਇਸ਼ਤਿਹਾਰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਜਾਣਗੇ। ਇਸ ਨਾਲ ਲਗਦੈ ਬਈ ਇਹ ਰੌਲਾ ਪਾਉਣ ਵਾਲੇ ਸਿੱਖ ਆਗੂ ਭਾਈ ਸਾਹਿਬ ਨੂੰ ਬਚਾਉਣਾ ਨਹੀਂ ਚਾਹੁੰਦੇ ਪਰ ਉਸਨੂੰ ਜਿਉਂਦੇ ਜੀਅ 'ਜਿੰਦਾ ਸ਼ਹੀਦ' ਦਾ ਦਰਜ਼ਾ ਦੇ ਕੇ ਉਸਦੀ ਬਲੀ ਜਰੂਰ ਦੇ ਦਿੱਤੀ ਹੈ। ਸ਼ਹੀਦੀ ਅਤੇ ਬਲੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਹੀਦੀ ਕਿਸੇ ਕੌਮੀ ਮਕਸਦ ਦੀ ਪੂਰਤੀ ਲਈ ਹੱਸ ਹੱਸ ਕੇ ਮਰਨ ਦੇ ਚਾਅ ਨੂੰ ਕਹਿੰਦੇ ਹਨ ਜਦਕਿ ਆਪਣਾ ਨਿੱਜੀ ਮਕਸਦ ਪੂਰਾ ਕਰਨ ਲਈ ਕਿਸੇ ਨੂੰ ਧੱਕੇ ਨਾਲ ਮਾਰਨ ਨੂੰ ਬਲੀ ਦੇਣੀ ਕਿਹਾ ਜਾਂਦਾ ਹੈ। ਇੱਥੇ ਭਾਈ ਸਾਹਿਬ ਦਾ ਮਕਸਦ ਪੂਰਾ ਹੋਇਆ ਜਾਂ ਨਹੀਂ ਪਰ ਉਸਨੇ ਆਪਣੇ ਮਕਸਦ ਨੂੰ ਕੌਮੀ ਮਕਸਦ ਸਮਝ ਕੇ ਉਸਦੀ ਪੂਰਤੀ ਲਈ ਆਪਣੇ ਮਰਨ ਦੇ ਚਾਅ ਤਹਿਤ ਹੀ ਆਪਣਾ ਗੁਨਾਹ ਕਬੂਲ ਕਰਕੇ ਫਾਂਸੀ ਦੀ ਸਜ਼ਾ ਨੂੰ ਹੱਸ ਕੇ ਪ੍ਰਵਾਨ ਕੀਤਾ ਹੈ ਪਰ ਸਿੱਖ ਲੀਡਰਸ਼ਿਪ ਨੇ ਆਪਣੇ ਹੋਰ ਗੁੱਝੇ ਮਕਸਦਾਂ ਦੀ ਪੂਰਤੀ ਲਈ ਭਾਈ ਸਾਹਿਬ ਨੂੰ 'ਜਿੰਦਾ ਸ਼ਹੀਦ' ਕਹਿ ਕੇ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਉਸਦੀ ਬਲੀ ਦੇ ਦਿੱਤੀ ਹੈ। ਆਮ ਸਿੱਖਾਂ ਨੂੰ ਮਗਰ ਲਾ ਕੇ ਸ਼ਹਿਰਾਂ ਵਿੱਚ ਮਾਰਚ ਕੱਢੇ ਜਾ ਰਹੇ ਹਨ, ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਪਾਠਾਂ ਦੇ ਭੋਗ ਪਾਏ ਜਾ ਰਹੇ ਹਨ ਤੇ ਕਈ ਤਰ੍ਹਾਂ ਦੇ ਹੋਰ ਕਾਰਜ ਵੀ ਭਾਈ ਸਾਹਿਬ ਦੇ ਨਾਮ 'ਤੇ ਹੋ ਰਹੇ ਹਨ, ਹੋਰ ਤਾਂ ਹੋਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਰੋਵਰ'ਚੋਂ ਬਾਲਟੀਆਂ ਜਲ ਦੀਆਂ ਭਰ ਕੇ ਦੇ ਆਏੇ ਕਿ ਜਿਸ ਦਿਨ ਫਾਂਸੀ ਲੱਗਣੀ ਹੈ, ਇਸ ਜਲ ਨਾਲ ਇਸ਼ਨਾਨ ਕਰ ਲੈਣਾ, ਨਾਲ ਇੱਕ ਸੁੰਦਰ ਪਲੰਘ ਦਾ ਵੀ ਬੰਦੋਬਸਤ ਕੀਤਾ ਜਾ ਰਿਹਾ ਹੈ ਜਿਸ ਉੱਪਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਦੇਹ ਨੂੰ ਪਾ ਕੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਏਗਾ। ਲੋਕਤੰਤਰ ਅਤੇ ਕਿਸੇ ਹੋਰ ਧਰਮ ਮੁਤਾਬਕ ਇਹ ਕਾਂਡ ਠੀਕ ਹੋ ਸਕਦੇ ਹਨ ਪਰ ਸਿੱਖੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਵੀ ਕੰਮ ਜਾਇਜ਼ ਨਹੀਂ ਹੈ। ਸਿੱਖੀ ਵਿੱਚ ਇੱਕ ਅਕਾਲ ਪੁਰਖ ਦਾ ਭਾਣਾ ਮੰਨਣਾ ਅਤੇ ਭਾਣੇ ਵਿੱਚ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਮੰਨਣ ਦਾ ਹੀ ਅਸੂਲ ਹੈ ਜੋ ਗੁਰੂਕਾਲ ਤੋਂ ਚਲਿਆ ਆ ਰਿਹਾ ਹੈ। ਮੀਰ ਮੰਨੂੰ ਦੀ ਜੇਲ੍ਹ ਅੰਦਰ ਸਿੱਖ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਉਨ੍ਹਾਂ ਦੇ ਹਾਰ ਬਣਾਕੇ ਬੀਬੀਆਂ ਦੇ ਗਲਾਂ ਵਿੱਚ ਪਾ ਦਿੱਤੇ ਸਨ ਪਰ ਫਿਰ ਵੀ ਇਹ ਸਿੱਖ ਬੀਬੀਆਂ ਅਰਦਾਸ ਵਿੱਚ 'ਪਿਛਲੇ ਚਾਰ ਪਹਿਰ ਸੁੱਖ' ਦੇ ਬਤੀਤ ਹੋਏ ਹਨ' ਕਹਿੰਦੀਆਂ ਸਨ ਪਰ ਉਹ ਕਿਸੇ ਅੱਗੇ ਆਪਣੇ ਬੱਚਿਆਂ ਦੀ ਜਾਨ ਬਖਸ਼ੀ ਲਈ ਭੀਖ ਨਹੀਂ ਸਨ ਮੰਗਦੀਆਂ। ਹਾਂ, ਭਾਈ ਬਲਵੰਤ ਸਿੰਘ ਦੇ ਕੇਸ ਵਿੱਚ ਇਹ ਜਰੂਰ ਹੈ ਕਿ ਜਿਸ ਪ੍ਰਕਿਰਿਆ ਤਹਿਤ ਭਾਈ ਸਾਹਿਬ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਸੇ ਪ੍ਰਕਿਰਿਆ ਤਹਿਤ ਹੀ ਇਸ ਤੋਂ ਛੁਟਕਾਰਾ ਪਾਉਣਾ ਕੋਈ ਭੀਖ ਮੰਗਣਾ ਨਹੀਂ ਅਖਵਾਉਂਦਾ। ਭਾਵ ਅਦਲਾਤੀ ਪ੍ਰਕਿਰਿਆ, ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਹ ਧਿਰਾਂ ਸੱਚੀ ਮੁੱਚੀਂ ਬਚਾਉਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਬਜਾਏ ਇਹ ਦਿਖਾਵੇਬਾਜ਼ੀ ਕਰਨ ਦੇ ਕੋਈ ਠੋਸ ਤੇ ਨਿੱਗਰ ਉਪਰਾਲੇ ਕਰਨੇ ਚਾਹੀਦੇ ਹਨ। ਜੋ ਹੁਣ ਤੱਕ ਸਿੱਖ ਲੀਡਰਸ਼ਿਪ ਤੋਂ ਕਰਨ ਲਈ ਸਿੱਖਾਂ ਨੂੰ ਸੁਨੇਹੇ ਆਏ ਹਨ ਉਨ੍ਹਾਂ ਵਿੱਚ ਇੱਕ ਵੀ ਸਿੱਖੀ ਜਾਂ ਲੋਕਤੰਤਰ ਅਨੁਸਾਰੀ ਨਹੀਂ ਹੈ।ਇਸ ਦਿਖਾਵੇਬਾਜ਼ੀ ਨਾਲ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਸਮਾਜਿਕ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਲੋਕ ਵੰਡੇ ਜਾ ਸਕਦੇ ਹਨ। ਇਸ ਨਾਲ ਭਾਈ ਸਾਹਿਬ ਦੇ ਹੱਕ ਵਿੱਚ ਖੜ੍ਹੀ ਹੋਈ ਲਹਿਰ ਨੂੰ ਧੱਕਾ ਲੱਗ ਸਕਦਾ ਹੈ। ਪਰ ਜਦ ਕੁੱਝ ਤਾਕਤਾਂ ਚਾਹੁੰਦੀਆਂ ਹੀ ਇਹ ਹਨ ਤੇ ਉਹ ਉੱਪਰਲੇ ਸਿੱਖਾਂ ਨੂੰ ਮਗਰ ਲਾ ਕੇ ਇਹੋ ਕੁੱਝ ਕਰਵਾ ਰਹੀਆਂ ਹਨ ਤਾਂ ਕੀ ਕੀਤਾ ਜਾ ਸਕਦਾ ਹੈ? ਹੁਣ ਸਥਿਤੀ ਇਹ ਹੈ ਕਿ ਬੇਅੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਗੇਂਦ ਆਪਣੇ ਪਾਲੇ 'ਚੋਂ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਜੋ ਖਦਸ਼ੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪ੍ਰਗਟਾਏ ਹਨ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਬਹੁਮੱਤ ਵਿੱਚ ਨਹੀਂ ਹੈ, ਇਸ ਲਈ ਉਸ ਨੂੰ ਹੁਕਮਨਾਮਾ ਨਹੀਂ ਦਿੱਤਾ, ਉਨ੍ਹਾਂ ਨੂੰ ਇਹ ਖਦਸ਼ਾ ਹੈ ਕਿ ਭਾਜਪਾ ਵਿਧਾਇਕ ਮਤੇ ਦੇ ਵਿਰੋਧ ਵਿੱਚ ਭੁਗਤ ਸਕਦੇ ਹਨ ਪਰ ਅਕਾਲੀ ਪਰਿਵਾਰਾਂ ਦੀਆਂ ਵੋਟਾਂ ਲੈ ਕੇ ਬਣੇ ਇਹਨਾਂ ਵਿਧਾਇਕਾਂ ਤੋਂ ਕੀ ਇਹੀ ਉਮੀਦ ਕੀਤੀ ਜਾ ਸਕਦੀ ਹੈ? ਕੀ ਉਨਾਂ੍ਹ ਨੂੰ ਅੱਗੇ ਤੋਂ ਆਪਣੀਆਂ ਵੋਟਾਂ ਦੇਣ ਲਈ ਸੋਚਣਾ ਨਹੀਂ ਪਵੇਗਾ? ਇਸ ਉੱਪਰ ਵੀ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਬੇਅੰਤ ਸਿੰਘ ਦਾ ਪਰਿਵਾਰ ਹੀ ਇਸ ਸਜ਼ਾ ਸਬੰਧੀ ਹਾਂ ਪੱਖੀ ਪਹੁੰਚ ਰਖਦਾ ਹੈ ਤੇ ਉਹ ਕਹਿੰਦਾ ਹੈ ਕਿ ਪੰਜਾਬ ਸਰਕਾਰ ਕੋਈ ਚਾਰਾਜੋਈ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਤਾਂ ਕੀ ਪੰਜਾਬ ਕਾਂਗਰਸ ਦੇ ਹੋਰ ਸਿੱਖ ਵਿਧਾਇਕ ਇਸ ਨਾਲ ਸਹਿਮਤੀ ਨਹੀਂ ਜੁਟਾਉਣਗੇ? ਮੰਨ ਲਓ ਕਿ ਸਿੱਖ ਕਾਂਗਰਸੀ ਵਿਧਾਇਕ ਪਾਰਟੀ ਸੂਤਰ ਵਿੱਚ ਬੱਝੇ ਹੋਏ ਮਤੇ ਦੇ ਹੱਕ ਵਿੱਚ ਵੋਟ ਨਾ ਪਾਉਣ ਪਰ ਉਹ ਗੈਰ ਹਾਜ਼ਰ ਰਹਿ ਕੇ ਵੀ ਤਾਂ ਮਤੇ ਦੀ ਜਿੱਤ ਕਰਵਾ ਸਕਦੇ ਹਨ ਪਰ ਜੇਕਰ ਪੰਜਾਬ ਸਰਕਾਰ ਦੀ ਨੀਯਤ ਸਾਫ ਹੋਵੇ ਤਾਂ। ਹੁਣ ਤਾਜ਼ਾ ਸਮਾਚਾਰ ਅਨੁਸਾਰ ਪੰਜਾਬ ਸਰਕਾਰ ਨੇ ਇੱਕ ਪੱਤਰ ਚੰਡੀਗੜ੍ਹ ਅਦਾਲਤ ਨੂੰ ਪਾਇਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਪੰਜਾਬ ਤੋਂ ਬਾਹਰ ਕਿਸੇ ਹੋਰ ਸਥਾਨ 'ਤੇ ਦਿੱਤੀ ਜਾਵੇ। ਭਲਾ ਕੋਈ ਪੁੱਛਣ ਵਾਲਾ ਹੋਏ ਬਈ ਜਿਸਨੂੰ ਫਾਂਸੀ ਦੇਣੀ ਹੈ, ਉਹ ਚਾਹੇ ਚੰਡੀਗੜ੍ਹ ਦੇਵੋ ਚਾਹੇ ਪਟਿਆਲੇ, ਇਸ ਨਾਲ ਮਰਨ ਵਾਲੇ ਨੂੰ ਕੀ ਫਰਕ ਪੈਂਦਾ ਹੈ? ਪੰਜਾਬ ਸਰਕਾਰ ਆਪਣੇ ਪਾਲੇ ਵਿੱਚ ਆਈ ਗੇਂਦ ਕੇਂਦਰ ਦੇ ਪਾਲੇ ਵਿੱਚ ਸੁੱਟ ਸਕਦੀ ਸੀ ਪਰ ਕਿਉਂਕਿ ਹਾਲੇ ਫੈਸਲਾ ਪੰਜਾਬ ਨਾਲ ਸਬੰਧਤ ਹੀ ਹੈ ਇਸ ਲਈ ਇਹ ਕੇਂਦਰ ਸਿਰ ਵੀ ਦੋਸ਼ ਨਹੀਂ ਮੜ੍ਹ ਸਕਦੀ। ਪੰਜਾਬ ਸਰਕਾਰ ਵੱਲੋਂ ਵੀ ਜੋ ਯਤਨ ਹੁਣ ਤੱਕ ਹੋਣੇ ਚਾਹੀਦੇ ਸਨ ਉਹ ਨਹੀਂ ਹੋਏ ਸਿਰਫ ਸਿੱਖ ਆਗੂਆਂ ਵੱਲੋਂ ਹੀ ਰੌਲਾ ਰੱਪਾ ਪਾਇਆ ਜਾ ਰਿਹਾ ਹੈ। ਭਾਈ ਬਲਵੰਤ ਸਿੰਘ ਨੂੰ ਸਜ਼ਾ ਹਾਲੇ ਸੈਸ਼ਨ ਕੋਰਟ ਤੋਂ ਹੋਈ ਹੈ ਜਦ ਕਿ ਉਸ ਤੋਂ ਬਾਅਦ ਹਾਈ ਕੋਰਟ, ਸੁਪਰੀਮ ਕੋਰਟ ਤੇ ਮਾਣਯੋਗ ਰਾਸ਼ਟਰਪਤੀ ਜੀ ਹਨ ਜਿੱਥੇ ਅਪੀਲ ਕੀਤੀ ਜਾ ਸਕਦੀ ਹੈ। ਸਿੱਖਾਂ ਨੂੰ ਸ਼ਿਵਾਏ ਬਾਹਮਣੀ ਕਰਮਕਾਂਡ ਕਰਨ ਦੇ ਪੰਜਾਬ ਸਰਕਾਰ ਉੱਪਰ ਹੀ ਦਬਾਅ ਪਾਉਣਾ ਚਾਹੀਦੈ ਕਿ ਉਹ ਵਿਧਾਨ ਸਭਾ ਵਿੱਚ ਤੁਰੰਤ ਮਤਾ ਪਾਵੇ।

No comments:

Post a Comment